ਕੈਪਟਨ ਸਰਕਾਰ ਦੇ ਵਿਕਾਸ ਕੰਮ ਦੱਸਣਗੇ, ਸਰਕਾਰ ਦੀ ਪ੍ਰਾਪਤੀ : ਮੋਫਰ

10/19/2019 12:37:25 AM

ਮਾਨਸਾ/ਬੁਢਲਾਡਾ, (ਮਿੱਤਲ/ਮਨਜੀਤ)— ਸੂਬਾ ਸਰਕਾਰ ਵਲੋਂ ਜ਼ਿਲ੍ਹਾ ਮਾਨਸਾ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਜੰਗੀ ਪੱਧਰ 'ਤੇ ਕਰਵਾਏ ਜਾ ਰਹੇ ਹਨ। ਮਾਨਸਾ ਤੇ ਬੁਢਲਾਡਾ 'ਚ ਇਹ ਵਿਕਾਸ ਅੱਜ-ਕੱਲ੍ਹ ਸਿਖਰਾਂ ਤੇ ਹਨ। ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਇਲਾਵਾ ਵਾਰਡਾਂ ਵਿਚਲੀਆਂ ਸੜਕਾਂ, ਨਾਲੀਆਂ ਦਾ ਨਵ-ਨਿਰਮਾਣ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮਾਨਸਾ ਤੇ ਬੁਢਲਾਡਾ ਸ਼ਹਿਰ ਵਿਕਾਸ ਪੱਖੋਂ ਪੱਛੜਦੇ ਜਾ ਰਹੇ ਸਨ ਪਰ ਸ਼ਹਿਰ ਦੀਆਂ ਕਈ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਸੀ। ਸਮੇਂ-ਸਮੇਂ ਤੇ ਲੋਕਾਂ ਵਲੋਂ ਸੰਘਰਸ਼ ਕਰਕੇ ਸੜਕਾਂ, ਗਲੀਆਂ ਆਦਿ ਦੇ ਨਿਰਮਾਣ ਲਈ ਮੰਗ ਵੀ ਕੀਤੀ ਗਈ।
ਸੂਬਾ ਸਰਕਾਰ ਵਲੋਂ ਮਾਨਸਾ ਤੇ ਬੁਢਲਾਡਾ ਵਿਕਾਸ ਕੰਮਾਂ ਲਈ ਫੰਡਾਂ ਦੀ ਝੜੀ ਲਾ ਦਿੱਤੀ ਹੈ। ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਦੀ ਅਗਵਾਈ 'ਚ ਸ਼ਹਿਰਾਂ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਕੰਮ ਆਰੰਭ ਹੋਏ ਹਨ। ਮਾਨਸਾ ਅੰਦਰ ਲਿੰਕ ਰੋਡ, ਵਨਵੇ ਟ੍ਰੈਫਿਕ ਰੋਡ, ਰਮਨ ਸਿਨੇਮਾ ਰੋਡ, ਬਾਰ੍ਹਾਂ ਹੱਟਾਂ ਚੌਕ, ਗਊਸ਼ਾਲਾ ਰੋਡ, ਜਵਾਹਰਕੇ ਰੋਡ ਆਦਿ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸ਼ਹਿਰ ਬੁਢਲਾਡਾ ਅੰਦਰ ਭੀਖੀ-ਬੁਢਲਾਡਾ ਰੋਡ ਓਵਰਬ੍ਰਿਜ ਦੇ ਦੋਵੇਂ ਕਿਨਾਰਿਆਂ ਤੇ ਬੁਢਲਾਡਾ ਤੋਂ ਭੀਖੀ, ਬੁਢਲਾਡਾ ਤੋਂ ਬਰੇਟਾ ਰਾਸ਼ਟਰੀ ਮਾਰਗ ਦਾ ਕੰਮ ਵੀ ਤੇਜੀ ਨਾਲ ਚੱਲ ਰਿਹਾ ਹੈ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਭਰ ਅੰਦਰ ਵਿਕਾਸ ਕੰਮਾਂ ਲਈ ਵੱਡੀ ਪੱਧਰ ਤੇ ਵੱਖ-ਵੱਖ ਵਿਭਾਗਾਂ ਨੂੰ ਫੰਡ ਜਾਰੀ ਕੀਤੇ ਗਏ ਹਨ ਤੇ ਆਉਂਦੇ ਕੁਝ ਦਿਨਾਂ ਅੰਦਰ ਹੀ ਸਾਰੇ ਜ਼ਿਲ੍ਹੇ ਅੰਦਰ ਟੁੱਟੀਆਂ-ਫੁੱਟੀਆਂ ਸੜਕਾਂ ਤੋਂ ਇਲਾਵਾ ਲੰਮੇ ਸਮੇਂ ਤੋਂ ਅਧੂਰੀਆਂ ਪਈਆਂ ਸੜਕਾਂ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਇਨ੍ਹਾਂ ਸੜਕਾਂ ਦਾ ਨਿਰਮਾਣ ਹੋਣ ਨਾਲ ਨਵੀਂ ਸਹੂਲਤ ਪ੍ਰਦਾਨ ਹੋਵੇਗੀ। ਸਰਕਾਰ ਵਲੋਂ ਸਾਰੇ ਕੰਮ ਏਜੰਡੇ 'ਤੇ ਹਨ ਅਤੇ ਜਿਹੜੇ ਕੰਮ ਕਿਸੇ ਕਾਰਨ ਅਧੂਰੇ ਰਹਿ ਗਏ ਉਨ੍ਹਾਂ ਨੂੰ ਅਗਲੇ ਪੜਾਅ 'ਚ ਮੁੰਕਮਲ ਕਰ ਲਿਆ ਜਾਵੇਗਾ।  
ਉਨ੍ਹਾਂ ਨੇ ਇਸ ਲਈ ਸ਼ਹਿਰ ਵਾਸੀਆਂ ਵਲੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਵਿਕਾਸ ਕੰਮਾਂ ਪ੍ਰਤੀ ਰਹਿੰਦੀਆਂ ਸ਼ਿਕਾਇਤਾਂ ਮੁੱਖ ਮੰਤਰੀ ਦੇ ਦਰਬਾਰ ਪਹੁੰਚਾ ਕੇ ਜ਼ਿਲ੍ਹਾ ਪ੍ਰਸ਼ਾਸਨ ਹੱਲ ਕਰਵਾਉਣ ਲਈ ਵਚਨਬੱਧ ਹੈ। ਇਸ ਸੰਬੰਧੀ ਜ਼ਿਲ੍ਹਾ ਪ੍ਰੀਸ਼ਦ ਦੇ ਨਵ-ਨਿਯੁਕਤ ਚੇਅਰਮੈਨ ਬਿਕਰਮ ਸਿੰਘ ਮੋਫਰ, ਯੂਥ ਕਾਂਗਰਸ ਹਲਕਾ ਮਾਨਸਾ ਦੇ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਭੂਪਾਲ, ਬੁਢਲਾਡਾ ਹਲਕਾ ਦੇ ਪ੍ਰਧਾਨ ਗੁਰਦੀਪ ਸਿੰਘ ਲਖਮੀਰਵਾਲਾ ਤੇ ਗੋਲਡੀ ਨਾਹਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣਾ ਵਾਅਦਾ ਨਿਭਾਉਂਦਿਆਂ ਹੋਇਆਂ ਚੁੱਪ-ਚਪੀਤੇ ਸ਼ਹਿਰਾਂ ਤੇ ਪਿੰਡਾਂ ਦੇ ਵਿਕਾਸ ਕਰਵਾ ਕੇ ਸਬੂਤ ਦਿੱਤਾ ਹੈ ਕਿ ਇਹ ਸਰਕਾਰ ਕੰਮ ਕਰਵਾਉਣ 'ਚ ਵਿਸ਼ਵਾਸ ਰੱਖਦੀ ਹੈ। ਇਸ ਲਈ ਫੋਕਾ ਪ੍ਰਚਾਰ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ 'ਚ ਸ਼ਹਿਰਾਂ ਤੇ ਪਿੰਡਾਂ ਨੂੰ ਆਧੁਨਿਕ ਵਿਕਾਸ ਦੇਣ ਲਈ ਨਵੀਆਂ ਯੋਜਨਾਵਾਂ ਬਣਾ ਕੇ ਸਰਕਾਰ ਵੱਲੋਂ ਸੂਬੇ ਨੂੰ ਤਰੱਕੀ ਦੇ ਰਾਹ 'ਤੇ ਤੋਰਿਆ ਜਾਵੇਗਾ।


KamalJeet Singh

Content Editor

Related News