ਬੁਢਲਾਡਾ 'ਚ ਕੰਮ ਸ਼ੁਰੂ ਹੋਣ ਕਾਰਣ ਲੋਕਾਂ 'ਚ ਵਿਕਾਸ ਦੀ ਕਿਰਨ ਜਾਗੀ

09/21/2019 1:22:16 PM

ਬੁਢਲਾਡਾ (ਮਨਜੀਤ) : ਲੰਬੇ ਸਮੇਂ ਤੋਂ ਵਿਕਾਸ ਨੂੰ ਤਰਸਦਾ ਸ਼ਹਿਰ ਬੁਢਲਾਡਾ ਹੁਣ ਅਨੇਕਾਂ ਸਹੂਲਤਾਂ ਨਾਲ ਜੁੜਦਾ ਜਾ ਰਿਹਾ ਹੈ। ਜ਼ਿਲਾ ਪ੍ਰਸ਼ਾਸਨ ਮਾਨਸਾ ਵੱਲੋਂ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦਾ ਨਿਰਮਾਣ ਕਰਨ ਤੋਂ ਇਲਾਵਾ ਭੀਖੀ ਤੋਂ ਬੁਢਲਾਡਾ, ਬੁਢਲਾਡਾ ਤੋਂ ਬਰੇਟਾ ਜਾਖਲ ਤੱਕ 33 ਫੁੱਟ ਚੌੜੀ ਸੜਕ ਦਾ ਨਿਰਮਾਣ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਅਤੇ ਬੁਢਲਾਡਾ ਦੇ ਫੁੱਟਬਾਲ ਚੌਕ ਤੋਂ ਹਰਿਆਣੇ ਦੀ ਹੱਦ ਸੜਕ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜਿਸ ਨੂੰ ਲੈ ਕੇ ਸ਼ਹਿਰ ਦੇ ਲੋਕਾਂ 'ਚ ਆਸ ਦੀ ਕਿਰਨ ਜਾਗੀ ਹੈ।

ਜ਼ਿਕਰਯੋਗ ਇਹ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਬੁਢਲਾਡਾ ਸ਼ਹਿਰ ਦੀਆਂ ਗਲੀਆਂ-ਨਾਲੀਆਂ, ਸੜਕਾਂ ਅਤੇ ਵੱਡੀਆਂ ਸੜਕਾਂ ਦੀ ਹਾਲਤ ਬਹੁਤ ਹੀ ਮਾੜੀ ਹੋਣ ਕਾਰਣ ਸ਼ਹਿਰ ਦੇ ਲੋਕਾਂ ਨੂੰ ਇਕੱਠੇ ਹੋ ਕੇ ਨਗਰ ਸੁਧਾਰ ਸਭਾ ਦਾ ਗਠਨ ਕਰਕੇ ਸੰਘਰਸ਼ ਕਰਨੇ ਪਏ। ਇਸ ਸਬੰਧੀ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕੌਂਸਲ ਪੰਜਾਬ ਦੇ ਪ੍ਰਧਾਨ ਸਤੀਸ਼ ਕੁਮਾਰ ਸਿੰਗਲਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਬੁਢਲਾਡਾ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਆਈ. ਟੀ. ਆਈ. ਤੋਂ ਬੱਸ ਸਟੈਂਡ, ਬੱਸ ਸਟੈਂਡ ਤੋਂ ਕਾਲਜ ਰੋਡ, ਰੇਲਵੇ ਰੋਡ, ਬੁਢਲਾਡਾ ਤੋਂ ਕੁਲਾਣਾ ਲਿੰਕ ਸੜਕ, ਓਵਰਬ੍ਰਿਜ ਤੋਂ ਬਿਜਲੀ ਬੋਰਡ ਦੇ ਦਫਤਰ ਤੱਕ ਦੇ ਨਾਲ-ਨਾਲ ਸ਼ਹਿਰ ਦੀਆਂ ਨਿੱਕੀਆਂ ਮੋਟੀਆਂ ਸੜਕਾਂ ਦੀ ਮੁਰੰਮਤ ਅਤੇ ਗਲੀਆਂ ਨਾਲੀਆਂ ਦਾ ਕੰਮ ਸ਼ਹਿਰ 'ਚ ਪੂਰਾ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਇਸ ਤੋਂ ਇਲਾਵਾ ਬੁਢਲਾਡਾ ਤੋਂ ਬਰੇਟਾ ਤੱਕ ਨੈਸ਼ਨਲ ਹਾਈਵੇ 12 ਕਿਲੋਮੀਟਰ ਦੇ ਕਰੀਬ ਸੜਕ ਬਣ ਚੁੱਕੀ ਹੈ। ਇਹ ਸੜਕਾਂ ਬਣਨ ਨਾਲ ਹਲਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਸਿੰਗਲਾ ਨੇ ਅਖੀਰ 'ਚ ਡਿਪਟੀ ਕਮਿਸ਼ਨਰ ਮਾਨਸਾ ਅਤੇ ਐੱਸ. ਡੀ. ਐੱਮ. ਬੁਢਲਾਡਾ ਨੂੰ ਵਿਕਾਸ ਕੰਮਾਂ ਵਿਚ ਪੂਰਨ ਸਹਿਯੋਗ ਕਰਨ 'ਤੇ ਧੰਨਵਾਦ ਕੀਤਾ।

ਇਸ ਸਬੰਧੀ ਕਮਿਸ਼ਨਰ ਅਪਨੀਤ ਰਿਆਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਖੁਦ ਵਿਕਾਸ ਕੰਮਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ ਜੋ ਵੀ ਸ਼ਹਿਰ ਵਾਸੀ ਅਤੇ ਮੋਹਤਬਰ ਵਿਅਕਤੀ ਮੰਗਾਂ ਰੱਖਣਗੇ, ਉਨ੍ਹਾਂ ਨੂੰ ਪੂਰਾ ਕਰਨ ਲਈ ਪ੍ਰਸ਼ਾਸਨ ਤੱਤਪਰ ਹੈ ਪਰ ਸ਼ਹਿਰ ਵਾਸੀ ਪ੍ਰਸ਼ਾਸਨ ਅਤੇ ਅਧਿਕਾਰੀਆਂ ਨੂੰ ਬਣਦਾ ਸਹਿਯੋਗ ਕਰਨ ਤਾਂ ਹੀ ਸਮੱਸਿਆਵਾਂ ਹੱਲ ਹੋ ਸਕਣ।


cherry

Content Editor

Related News