ਸ਼ੇਰਪੁਰ ’ਚ ਪਾਣੀ ਦੀ ਵਾਰੀ ਨੂੰ ਲੈ ਕੇ ਸਾਬਕਾ ਫੌਜੀ ਦਾ ਕਤਲ
Sunday, Nov 04, 2018 - 01:50 AM (IST)

ਸ਼ੇਰਪੁਰ,(ਸਿੰਗਲਾ, ਅਨੀਸ਼)- ਕਸਬਾ ਸ਼ੇਰਪੁਰ ਵਿਖੇ ਅਲਾਲ ਰੋਡ ’ਤੇ ਅੱਜ ਸਵੇਰੇ ਇਕ ਵਿਅਕਤੀ ਦਾ ਕਤਲ ਹੋ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਅੱਜ ਸਾਬਕਾ ਫੌਜੀ ਹਰਬੰਸ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਢੰਡਾ ਪੱਤੀ ਸ਼ੇਰਪੁਰ ਜੋ ਆਪਣੇ ਬੇਟੇ ਅਮਨਦੀਪ ਸਿੰਘ ਨਾਲ ਸਵੇਰੇ 10 ਵਜੇ ਕਾਲਾਬੂਲਾ ਰੋਡ ’ਤੇ ਆਪਣੀ ਫਸਲ ਨੂੰ ਪਾਣੀ ਲਾਉਣ ਗਿਆ ਸੀ, ਜਿੱਥੇ ਉਨ੍ਹਾਂ ਦੀ ਮਲਕੀਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਕਾਲਾਬੂਲਾ ਜੋ ਮ੍ਰਿਤਕ ਦੇ ਭਰਾ ਦੀ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰ ਰਿਹਾ ਹੈ ਨਾਲ ਪਾਣੀ ਦੀ ਵਾਰੀ ਨੂੰ ਲੈ ਕੇ ਝਗਡ਼ਾ ਹੋ ਗਿਆ ਜਿਸ ਕਾਰਨ ਮਲਕੀਤ ਸਿੰਘ ਕਾਲਾਬੂਲਾ ਨੇ ਕੋਲ ਪਈ ਕਹੀ ਚੁੱਕ ਕੇ ਫੌਜੀ ਹਰਬੰਸ ਸਿੰਘ ਦੇ ਸਿਰ ਤੇ ਗਰਦਨ ’ਤੇ ਕਈ ਵਾਰ ਕਰ ਦਿੱਤੇ, ਜਿਸ ਕਾਰਨ ਹਰਬੰਸ ਸਿੰਘ ਦੀ ਘਟਨਾ ਸਥਾਨ ’ਤੇ ਮੌਤ ਹੋ ਗਈ। ਇਸ ਸਮੇਂ ਥਾਣਾ ਸ਼ੇਰਪੁਰ ਦੇ ਮੁਖੀ ਚੌਧਰੀ ਮਨੋਜ ਗੋਰਸੀ ਨੇ ਆਪਣੀ ਪੁਲਸ ਪਾਰਟੀ ਨਾਲ ਘਟਨਾ ਸਥਾਨ ’ਤੇ ਪਹੁੰਚ ਕੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਧੂਰੀ ਵਿਖੇ ਭੇਜ ਦਿੱਤੀ ਤੇ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਦੇ ਅਾਧਾਰ ’ਤੇ ਅਗਲੀ ਕਾਰਵਾਈ ਅਾਰੰਭ ਕਰ ਦਿੱਤੀ ਹੈ।