ਮਾਨਸਿਕ ਪ੍ਰੇਸ਼ਾਨੀ ਕਾਰਨ ਨੌਜਵਾਨ ਨੇ ਕੀਤੀ ਖੁਦਕੁਸ਼ੀ

04/23/2019 8:57:53 PM

ਮੋਗਾ, (ਆਜ਼ਾਦ)— ਪਿੰਡ ਜਲਾਲਾਬਾਦ ਪੂਰਬੀ ਦੇ ਭੱਠੇ 'ਤੇ ਕੰਮ ਕਰਦੇ ਅਰਸ਼ਦੀਪ (18) ਨੇ ਮਾਪਿਆਂ ਵਿਚਕਾਰ ਚਲਦੇ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਮ੍ਰਿਤਕ ਦੇ ਪਿਤਾ ਸੁਖਮੰਦਰ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਅਰਸ਼ਦੀਪ ਦੀ ਮਾਤਾ ਕਰੀਬ 10 ਸਾਲ ਤੋਂ ਘਰੇਲੂ ਝਗੜੇ ਕਾਰਨ ਆਪਣੇ ਛੋਟੇ ਬੇਟੇ ਸੰਦੀਪ ਸਿੰਘ ਨਾਲ ਆਪਣੇ ਪੇਕੇ ਘਰ ਜਿਊਣਵਾਲਾ 'ਚ ਰਹਿ ਰਹੀ ਹੈ, ਜਦਕਿ ਅਰਸ਼ਦੀਪ ਸਿੰਘ ਆਪਣੇ ਪਿਤਾ ਸੁਖਮੰਦਰ ਸਿੰਘ ਨਾਲ ਪਿੰਡ ਜਲਾਲਾਬਾਦ ਪੂਰਬੀ 'ਚ ਸਥਿਤ ਇਕ ਭੱਠੇ 'ਤੇ ਕੰਮ ਕਰਦਾ ਸੀ ਤੇ ਖਾਣਾ ਵੀ ਉਹ ਖੁਦ ਹੀ ਬਣਾਉਂਦਾ ਸੀ। ਮਾਤਾ-ਪਿਤਾ ਵਿਚਕਾਰ ਚੱਲਦੇ ਝਗੜੇ ਨੂੰ ਲੈ ਕੇ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਦੇ ਪਿਤਾ ਸੁਖਮੰਦਰ ਨੇ ਕਿਹਾ ਕਿ ਮੈਂ ਕਈ ਵਾਰ ਆਪਣੇ ਬੇਟੇ ਅਰਸ਼ਦੀਪ ਨੂੰ ਸਮਝਾਉਣ ਦਾ ਵੀ ਯਤਨ ਕੀਤਾ। ਇਸ ਮਾਨਸਿਕ ਪ੍ਰੇਸ਼ਾਨੀ ਕਾਰਨ ਉਸ ਨੇ ਭੱਠੇ 'ਤੇ ਸਥਿਤ ਕਮਰੇ 'ਚ ਹੀ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ।


KamalJeet Singh

Content Editor

Related News