ਦੋਵੇਂ ਢੀਂਡਸਾ ਪਾਰਟੀ ਅਤੇ ਸਰਕਾਰ ਦੇ ਹਰ ਫ਼ੈਸਲੇ ’ਚ ਸ਼ਾਮਲ ਸਨ, ਕੂਡ਼-ਪ੍ਰਚਾਰ ਮੁਹਿੰਮ ਵਿੱਢਣਾ ਮੰਦਭਾਗਾ : ਮਜੀਠੀਆ

02/24/2020 2:49:09 PM

ਪਟਿਆਲਾ (ਜੋਸਨ, ਬਲਜਿੰਦਰ, ਸ. ਹ., ਰਾਣਾ, ਬਖਸ਼ੀ):  ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਅਕਾਲੀ ਸਰਕਾਰ ਤੇ ਪਾਰਟੀ ਵੱਲੋਂ ਲਏ ਹਰ ਫੈਸਲੇ ਵਿਚ ਸ਼ਾਮਲ ਸਨ। ਉਨ੍ਹਾਂ ਵੱਲੋਂ ਅਕਾਲੀ ਦਲ ਖਿਲਾਫ ਕੂੜ-ਪ੍ਰਚਾਰ ਮੁਹਿੰਮ ਵਿੱਢਣਾ ਮੰਦਭਾਗਾ ਹੈ।

ਇਥੇ ਸਾਬਕਾ ਜ਼ਿਲਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਦੀ ਰਿਹਾਇਸ਼ 'ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਮੌਜੂਦਗੀ ਵਿਚ ਗੱਲਬਾਤ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਸਾਡੇ ਨਾਲ ਕੈਬਨਿਟ ਦੇ ਸਾਥੀ ਸਨ। ਸੁਖਦੇਵ ਸਿੰਘ ਢੀਂਡਸਾ ਖੁਦ ਫੈਸਲੇ ਲੈਂਦੇ ਸਨ। ਸਚਾਈ ਇਹ ਹੈ ਕਿ ਉਨ੍ਹਾਂ ਵੱਲੋਂ ਲਏ ਫੈਸਲੇ ਮੰਨੇ ਜਾਂਦੇ ਸਨ। ਉਨ੍ਹਾਂ ਆਖਿਆ ਕਿ ਰਣਧੀਰ ਸਿੰਘ ਰੱਖੜਾ ਪਾਰਟੀ ਦੇ ਵਫਾਦਾਰ ਸਿਪਾਹੀ ਹਨ।

ਸੰਗਰੂਰ ਵਿਖੇ ਇਕੱਠੇ ਦੇ ਦਾਅਵੇ ਦਾ ਮਖੌਲ ਉਡਾਉਂਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਹ ਇਕ ਪਾਰਟੀ ਦਾ ਨਹੀਂ ਬਲਕਿ ਕਈ ਪਾਰਟੀਆਂ ਦਾ ਇਕੱਠ ਸੀ, ਜਿਸ ਦੀ ਹਮਾਇਤ ਕਾਂਗਰਸ ਪਾਰਟੀ ਕਰ ਰਹੀ ਸੀ। ਢੀਂਡਸਾ ਪਰਿਵਾਰ ਨੇ 40 ਸਾਲਾਂ ਤੋਂ ਸੰਗਰੂਰ 'ਚ ਅਕਾਲੀ ਦਲ ਦੀ ਕਮਾਂਡ ਸੰਭਾਲੀ ਹੋਈ ਸੀ। ਉਹ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਵਧਾਈ ਦੇਣਾ ਚਾਹੁੰਦੇ ਹਨ ਜਿਨ੍ਹਾਂ ਨੇ ਰੈਲੀ ਲਈ ਵਧੀਆ ਪ੍ਰਬੰਧ ਕੀਤੇ। ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣਾ ਅਤੇ ਛੋਟੇ-ਛੋਟੇ ਗਰੁੱਪਾਂ ਨੂੰ ਉਤਸ਼ਾਹਤ ਕਰਨਾ ਹਮੇਸ਼ਾ ਕਾਂਗਰਸ ਦੇ ਏਜੰਡੇ ਵਿਚ ਸ਼ੁਮਾਰ ਰਿਹਾ ਹੈ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸੰਗਰੂਰ ਰੈਲੀ ਵਿਚ ਬੁਲਾਰੇ ਇਕ ਵੀ ਉਸਾਰੂ ਏਜੰਡੇ ਦੀ ਗੱਲ ਨਹੀਂ ਕਰ ਸਕੇ। ਉਨ੍ਹਾਂ ਦਾ ਏਜੰਡਾ ਸਿਰਫ ਅਕਾਲੀ ਦਲ ਖਿਲਾਫ ਕੂੜ-ਪ੍ਰਚਾਰ ਤੱਕ ਸੀਮਤ ਰਿਹਾ।

ਸ. ਮਜੀਠੀਆ ਨੇ ਪੀੜਤ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ 28 ਫਰਵਰੀ ਨੂੰ ਵਿਧਾਨ ਸਭਾ ਦਾ ਘਿਰਾਓ ਕਰਨ, ਜਿਸ ਦਿਨ ਵਿੱਤ ਮੰਤਰੀ ਬਜਟ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਹਰ ਸਾਲ ਮੁਲਾਜ਼ਮਾਂ, ਕਿਸਾਨਾਂ, ਖੇਤ ਮਜ਼ਦੂਰਾਂ, ਨੌਜਵਾਨਾਂ, ਐੱਸ. ਸੀ. ਅਤੇ ਬੀ. ਸੀ. ਵਰਗ ਅਤੇ ਉਦਯੋਗਪਤੀਆਂ ਨਾਲ ਵੱਡੇ-ਵੱਡੇ ਤੇ ਝੂਠੇ ਵਾਅਦੇ ਕੀਤੇ ਜਾਂਦੇ ਹਨ। ਇਨ੍ਹਾਂ ਦੀ ਭਲਾਈ ਵਾਸਤੇ ਕੁਝ ਨਹੀਂ ਕੀਤਾ ਜਾ ਰਿਹਾ। ਮੁਲਾਜ਼ਮਾਂ ਦੇ ਡੀ. ਏ. ਦੇ 5 ਹਜ਼ਾਰ ਕਰੋੜ ਰੁਪਏ ਨਹੀਂ ਦਿੱਤੇ ਜਾ ਰਹੇ। ਤਨਖਾਹਾਂ 45 ਹਜ਼ਾਰ ਰੁਪਏ ਤੋਂ ਘਟਾ ਕੇ 15 ਹਜ਼ਾਰ ਰੁਪਏ ਕਰ ਦਿੱਤੀਆਂ ਗਈਆਂ। ਬਿਜਲੀ ਦੇ ਬਿੱਲਾਂ ਦੀਆਂ ਦਰਾਂ ਵਧਾ ਕੇ ਲੋਕਾਂ ਕੋਲੋਂ 25 ਹਜ਼ਾਰ ਕਰੋੜ ਰੁਪਏ ਵੱਧ ਵਸੂਲੇ ਗਏ।

ਇਕ ਪ੍ਰਾਈਵੇਟ ਸੰਸਥਾ ਵੱਲੋਂ ਮੁੱਖ ਮੰਤਰੀ ਨੂੰ ਦਿੱਤੇ ਐਵਾਰਡ ਦਾ ਮਖੌਲ ਉਡਾਉਂਦਿਆਂ ਅਕਾਲੀ ਨੇਤਾ ਨੇ ਕਿਹਾ ਕਿ ਇਸ ਦਾ ਨਾਂ 'ਆਦਰਸ਼ ਮੁੱਖ ਮੰਤਰੀ' ਦੀ ਥਾਂ 'ਵਿਹਲਾ ਮੁੱਖ ਮੰਤਰੀ' ਰੱਖ ਲੈਣਾ ਚਾਹੀਦਾ ਸੀ। ਸਚਾਈ ਦਰਸਾਉਂਦਾ ਅਜਿਹਾ ਐਵਾਰਡ ਮਿਲਣ 'ਤੇ ਪੰਜਾਬੀ ਬਹੁਤ ਖੁਸ਼ੀ ਮਨਾਉਣਗੇ। ਸ. ਮਜੀਠੀਆ ਨੇ ਡੀ. ਜੀ. ਪੀ. ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਖਿਲਾਫ ਦਿੱਤੇ ਬਿਆਨ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਉਹ ਕਾਂਗਰਸ ਪਾਰਟੀ, ਜੋ ਕਿ ਸਿੱਖਾਂ ਤੇ ਪੰਜਾਬੀਆਂ ਦੇ ਖਿਲਾਫ ਕੰਮ ਕਰਦੀ ਹੈ, ਦੇ ਏਜੰਡੇ ਨੂੰ ਅੱਗੇ ਲਿਜਾ ਰਹੇ ਹਨ। ਇਸ ਤੋਂ ਪਹਿਲਾਂ ਜ਼ਿਲਾ ਯੂਥ ਪ੍ਰਧਾਨ ਇੰਦਰਜੀਤ ਸਿੰਘ ਰੱਖੜਾ ਦੀ ਅਗਵਾਈ 'ਚ ਪਿੰਡ ਵਾਸੀਆਂ ਨੇ ਮਜੀਠੀਆ ਅਤੇ ਡਾ. ਚੀਮਾ ਦਾ ਸਵਾਗਤ ਕੀਤਾ।

ਇਸ ਮੌਕੇ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ, ਅਜੇ ਥਾਪਰ ਅਕਾਲੀ ਨੇਤਾ, ਜਸਪਾਲ ਸਿੰਘ ਬਿੱਟੂ ਚੱਠਾ, ਹਰਵਿੰਦਰ ਸਿੰਘ ਬੱਬੂ, ਮਾਲਵਿੰਦਰ ਸਿੰਘ ਝਿੱਲ, ਸਾਬਕਾ ਚੇਅਰਮੈਨ ਨਰਦੇਵ ਸਿੰਘ ਆਕੜੀ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਯੂਥ ਪ੍ਰਧਾਨ ਇੰਦਰਜੀਤ ਸਿੰਘ ਰੱਖੜਾ, ਸਰਬਜੀਤ ਸਿੰਘ ਝਿੰਜਰ, ਸੁਖਵਿੰਦਰਪਾਲ ਸਿੰਘ ਮਿੰਟਾ, ਨਿਰਮਲ ਸਿੰਘ ਰੀਹਲ, ਜੋਗਿੰਦਰ ਸਿੰਘ ਲਵਲੀ ਬਵੇਜਾ ਅਤੇ ਅਮਨ ਬਵੇਜਾ ਆਦਿ ਮੌਜੂਦ ਸਨ।


Shyna

Content Editor

Related News