ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 30 ਨੂੰ ਕੀਤਾ ਜਾਵੇਗਾ ਮੋਤੀ ਮਹਿਲ ਦਾ ਘਿਰਾਓ

09/17/2019 3:00:35 PM

ਭਵਾਨੀਗੜ੍ਹ (ਕਾਂਸਲ) : ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 30 ਸਤੰਬਰ ਨੂੰ ਪਟਿਆਲਾ ਵਿਖੇ ਮੁੱਖ ਮੰਤਰੀ ਦੇ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ, ਜਿਸ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਨੇੜਲੇ ਪਿੰਡ ਕਪਿਆਲ ਅਤੇ ਬਲਿਆਲ ਵਿਖੇ ਮੀਟਿੰਗ ਕੀਤੀ ਗਈ।

ਇਸ ਮੌਕੇ ਆਪਣੇ ਸੰਬੋਧਨ ਵਿਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ਿਲਾ ਆਗੂ ਮਨਪ੍ਰੀਤ ਭੱਟੀਵਾਲ ਆਦਿ ਨੇ ਦੱਸਿਆ ਕਿ ਦਲਿਤ ਵਰਗ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਪੰਚਾਇਤੀ ਜ਼ਮੀਨਾਂ ਵਿਚ ਦਲਿਤ ਵਰਗ ਲਈ ਰਾਖਵੀਂ ਆਪਣੀ ਤੀਸਰੇ ਹਿੱਸੇ ਦੀ ਜ਼ਮੀਨ ਦੀ ਹਰ ਸਾਲ ਬੋਲੀ ਦੇ ਕੇ ਲੈਣ ਤੋਂ ਬਾਅਦ ਸਾਂਝੀ ਖੇਤੀ ਕਰਦੇ ਹਨ ਪਰ ਪਿੰਡਾਂ ਵਿਚ ਬੈਠੇ ਵੱਡੇ ਧਨਾਢ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ। ਉਹ ਦਲਿਤਾਂ ਨੂੰ ਦਿੱਤੀ ਜਾਂਦੀ ਤੀਜੇ ਹਿੱਸੇ ਦੀ ਜ਼ਮੀਨ ਨੂੰ ਮੁੜ ਹੜਪਣ ਲਈ ਹਰ ਸਾਲ ਕੌਝੀਆਂ ਚਾਲਾਂ ਚਲ ਕੇ ਬੋਲੀ ਸਮੇਂ ਜਾਣਬੁੱਝ ਕੇ ਲੜਾਈ ਝਗੜਾ ਕਰਵਾ ਦਿੰਦੇ ਹਨ, ਜਿਸ ਕਰਕੇ ਦਲਿਤਾਂ ਅਤੇ ਗਰੀਬਾਂ ਨਾਲ ਧੱਕਾ ਅਤੇ ਬੇਇਨਸਾਫੀ ਅਜੇ ਵੀ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਹੈ। ਇਸ ਤੋਂ ਮੁਕਤੀ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਦਲਿਤ ਵਰਗ ਵੱਲੋਂ ਪੰਚਾਇਤੀ ਜ਼ਮੀਨ ਵਿਚੋਂ ਆਪਣਾ ਤੀਸਰਾ ਹਿੱਸਾ ਪੱਕੇ ਤੌਰ 'ਤੇ 33 ਸਾਲਾਂ ਪਟੇ 'ਤੇ ਲੈਣ ਦੇ ਲਈ ਮੰਗ ਕੀਤੀ ਜਾ ਰਹੀ ਹੈ, ਤਾਂ ਜੋ ਪਿੰਡਾਂ ਵਿਚ ਹਰ ਸਾਲ ਬੋਲੀ ਸਮੇਂ ਹੁੰਦੇ ਲੜਾਈ-ਝਗੜਿਆਂ ਨੂੰ ਖਤਮ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ 30 ਸਤੰਬਰ ਨੂੰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਦਲਿਤ ਵਰਗ ਦੇ ਲੋਕਾਂ ਵੱਲੋਂ ਪੰਚਾਇਤੀ ਜ਼ਮੀਨ ਵਿਚੋਂ ਤੀਸਰਾ ਹਿੱਸਾ ਪੱਕੇ ਤੌਰ 'ਤੇ 33 ਸਾਲਾਂ ਪਟੇ 'ਤੇ ਦਿੱਤੇ ਜਾਣ ਦੀ ਮੰਗ ਦੇ ਨਾਲ-ਨਾਲ ਗਰੀਬਾਂ ਨੂੰ 10-10 ਮਰਲੇ ਪਲਾਟ ਦੇਣ ਸੰਬੰਧੀ, ਨਰੇਗਾ ਦੇ ਬਜਟ ਵਿਚ ਵਾਧਾ ਕਰਕੇ ਕੰਮ ਪੱਕੇ ਤੌਰ 'ਤੇ ਦੇਣ ਸੰਬੰਧੀ, ਪੰਚਾਇਤੀ ਜ਼ਮੀਨ ਵਿਚੋਂ ਬਾਕੀ ਬਚਦੀ ਜ਼ਮੀਨ ਛੋਟੇ ਕਿਸਾਨਾਂ ਅਤੇ ਗਰੀਬ ਕਿਸਾਨਾਂ ਨੂੰ ਦੇਣ ਸੰਬੰਧੀ ਆਦਿ ਮੰਗਾਂ ਨੂੰ ਲੈ ਕੇ ਪਟਿਆਲਾ ਵਿਖੇ ਰਾਜੇ ਦੇ ਮਹਿਲ ਦਾ ਘਿਰਾਓ ਕਰਕੇ ਤਿੱਖਾ ਰੋਸ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਜਰਨੈਲ ਸਿੰਘ ਬਲਿਆਲ, ਤਾਰੀ ਸਿੰਘ ਕਪਿਆਲ ਹਾਜ਼ਰ ਸਨ।


cherry

Content Editor

Related News