ਮੋਟਰਸਾਈਕਲ ਸਵਾਰਾਂ ਨੂੰ ਅਣਪਛਾਤੇ ਵਾਹਨ ਨੇ ਮਾਰੀ ਫੇਟ, 1 ਦੀ ਮੌਤ

12/13/2019 1:26:22 PM

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਤੋਂ ਸੰਗਰੂਰ ਨੂੰ ਜਾਂਦੀ ਨੈਸ਼ਨਲ ਹਾਈਵੇ 'ਤੇ ਪਿੰਡ ਫੱਗੂਵਾਲਾ ਵਿਖੇ ਬੀਤੀ ਦੇਰ ਰਾਤ ਇਕ ਮੋਟਰਸਾਈਕਲ ਨੂੰ ਅਣਪਛਾਤੇ ਵਾਹਨ ਵੱਲੋਂ ਫੇਟ ਮਾਰ ਦੇਣ ਕਾਰਨ ਇਕ ਵਿਅਕਤੀ ਦੀ ਮੌਤ ਅਤੇ ਇਕ ਦੇ ਗੰਭੀਰ ਰੂਪ ਵਿਚ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹਰੀ ਸਿੰਘ ਫੱਗੂਵਾਲਾ ਸਾਬਕਾ ਚੇਅਰਮੈਨ ਬਲਾਕ ਸੰਮਤੀ ਨੇ ਦੱਸਿਆ ਕਿ ਸਵਰਗਵਾਸੀ ਸੇਵਾ ਮੁਕਤ ਡੀ.ਆਈ.ਜੀ ਰਾਜਿੰਦਰ ਸਿੰਘ ਘੁੰਮਣ ਦੇ ਘਰ ਪਿਛਲੇ ਕਾਫੀ ਸਮੇਂ ਤੋਂ ਗੁਰਬਾਣੀ ਦਾ ਪਾਠ ਕਰਨ ਦੀ ਸੇਵਾ ਨਿਭਾਉਂਦੇ ਗਿਆਨੀ ਮੁਖਤਿਆਰ ਸਿੰਘ ਨੂੰ ਜਨਕ ਸਿੰਘ ਪੁੱਤਰ ਚਰਨ ਸਿੰਘ ਆਪਣੇ ਮੋਟਰਸਾਈਕਲ 'ਤੇ ਜਦੋਂ ਉਸ ਨੂੰ ਘਰ ਛੱਡਣ ਲਈ ਜਾ ਰਿਹਾ ਸੀ ਤਾਂ ਪਿੰਡ ਦੇ ਬੱਸ ਅੱਡੇ ਤੋਂ ਥੋੜ੍ਹਾ ਅੱਗੇ ਇਨ੍ਹਾਂ ਦੇ ਮੋਟਰਸਾਇਕਲ ਨੂੰ ਪਿਛੋਂ ਆਉਂਦੇ ਇਕ ਅਣਪਛਾਤੇ ਵਾਹਨ ਨੇ ਜੋਰਦਾਰ ਫੇਟ ਮਾਰ ਦਿੱਤੀ। ਇਸ ਹਾਦਸੇ ਵਿਚ ਗਿਆਨੀ ਮੁਖਤਿਆਰ ਸਿੰਘ ਅਤੇ ਜਨਕ ਸਿੰਘ ਦੋਵੇਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ। ਜਿਥੇ ਗਿਆਨੀ ਮੁਖਤਿਆਰ ਸਿੰਘ ਦੀ ਗੰਭੀਰ ਹਾਲਤ ਨੂੰ ਦੇਖ਼ਦੇ ਹੋਏ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਪਰ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਗਿਆਨੀ ਮੁਖਤਿਆਰ ਸਿੰਘ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਜਖ਼ਮੀ ਹੋਏ ਜਨਕ ਸਿੰਘ ਨੂੰ ਵੀ ਸੰਗਰੂਰ ਵਿਖੇ ਰੈਫਰ ਕੀਤਾ ਗਿਆ।

ਉਥੇ ਹੀ ਇਸ ਮਾਮਲੇ ਵਿਚ ਪੁਲਸ ਵੱਲੋਂ ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।


cherry

Content Editor

Related News