ਕੂੜੇ ਦੀ ਬਦਬੂ ਕਾਰਣ ਮੁਹੱਲਾ ਵਾਸੀਆਂ ਦਾ ਜਿਊਣਾ ਦੁੱਭਰ, ਪ੍ਰਸ਼ਾਸਨ ਸੁੱਤਾ ਕੁੰਭਕਰਨੀ ਨੀਂਦ

02/18/2020 5:15:04 PM

ਭਵਾਨੀਗੜ੍ਹ (ਅੱਤਰੀ) : ਸ਼ਹਿਰ ਦੇ ਵਾਰਡ ਨੰਬਰ 14 ਨਾਲ ਸਬੰਧਤ ਤੂਰ ਪੱਤੀ, ਵੀਰ ਕਾਲੋਨੀ ਅਤੇ ਚਾਵਲਾ ਕਾਲੋਨੀ ਨੇੜੇ ਟੋਭੇ ਵਾਲੀ ਥਾਂ ਵਿਚ ਘਰਾਂ ਅਤੇ ਸ਼ਹਿਰ 'ਚੋਂ ਇਕੱਠਾ ਕਰ ਕੇ ਸੁੱਟਿਆ ਜਾ ਰਿਹਾ ਕੂੜਾ ਕਰਕਟ ਇੱਥੇ ਰਹਿੰਦੇ ਮੁਹੱਲਾ ਨਿਵਾਸੀਆਂ ਲਈ ਭਾਰੀ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਭਾਵੇਂ ਮੁਹੱਲਾ ਵਾਸੀਆਂ ਵੱਲੋਂ ਕਈ ਵਾਰੀ ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਹੈ ਪਰ ਅਧਿਕਾਰੀਆਂ ਦੇ ਕੰਨਾਂ 'ਤੇ ਕੋਈ ਜੂੰ ਤੱਕ ਨਹੀਂ ਸਰਕ ਰਹੀ।

ਜ਼ਿਕਰਯੋਗ ਹੈ ਕਿ ਇਸ ਟੋਭੇ 'ਚ ਪਹਿਲਾਂ ਇਨ੍ਹਾਂ ਉਕਤ ਕਾਲੋਨੀਆਂ ਸਮੇਤ ਸ਼ਹਿਰ ਦਾ ਨਿਕਾਸੀ ਪਾਣੀ ਪੈਂਦਾ ਸੀ। ਇਸ ਟੋਭੇ ਵਿਚ ਗੰਦਾ ਪਾਣੀ ਖੜ੍ਹਾ ਰਹਿਣ ਕਾਰਣ ਬੀਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਸੀ। ਹੁਣ ਸ਼ਹਿਰ 'ਚ ਸੀਵਰੇਜ ਪੈਣ ਕਾਰਣ ਇੱਥੇ ਗੰਦੇ ਪਾਣੀ ਦੀ ਸਮੱਸਿਆ ਤਾਂ ਹੱਲ ਹੋ ਗਈ ਪਰ ਹੁਣ ਇਸ ਖਾਲੀ ਥਾਂ 'ਚ ਘਰਾਂ ਅਤੇ ਸ਼ਹਿਰ ਦਾ ਕੂੜਾ ਸੁੱਟ ਜਾਂਦੇ ਹਨ, ਜਿਸ ਨਾਲ ਇਨ੍ਹਾਂ ਤਿੰਨ ਕਾਲੋਨੀਆਂ ਦੇ ਨੇੜਲੇ ਘਰਾਂ ਵਾਲਿਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨੇੜੇ ਹੀ ਮੁਸਲਿਮ ਭਾਈਚਾਰੇ ਨਾਲ ਸਬੰਧਤ ਕਬਰਿਸਤਾਨ ਵੀ ਬਣਿਆ ਹੋਇਆ ਹੈ। ਇਸ ਗੰਦਗੀ ਕਾਰਣ ਉਨ੍ਹਾਂ ਨੂੰ ਵੀ ਦਿੱਕਤ ਆਉਂਦੀ ਹੈ।

ਮੁਹੱਲਾ ਵਾਸੀ ਐਡਵੋਕੇਟ ਯਸ਼ਪਾਲ ਬੁਸ਼ਰਾ, ਆਤਮ ਪ੍ਰਕਾਸ਼ ਅਤੇ ਲੱਕੀ ਰਮੇਸ਼, ਕੁਮਾਰ ਵਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਗਰ ਕੌਂਸਲ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਕਿ ਇੱਥੇ ਕੂੜਾ ਸੁੱਟਣ ਨਾਲ ਫੈਲ ਰਹੀ ਗੰਦਗੀ ਕਾਰਣ ਉਨ੍ਹਾਂ ਦਾ ਘਰਾਂ ਵਿਚ ਰਹਿਣਾ ਮੁਸ਼ਕਲ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਕੂੜੇ ਕਾਰਣ ਭਿਆਨਕ ਬੀਮਾਰੀਆਂ ਫੈਲ ਸਕਦੀਆਂ ਹਨ। ਐਡਵੋਕੇਟ ਯਸ਼ਪਾਲ ਬੁਸਰਾ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਡੀ. ਸੀ. ਸੰਗਰੂਰ ਅਤੇ ਸਿਹਤ ਵਿਭਾਗ ਨੂੰ ਵੀ ਦਰਖਾਸਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਇੱਥੇ ਕੂੜਾ ਸੁੱਟਣਾ ਬੰਦ ਕਰਵਾਇਆ ਜਾਵੇ। ਇਸੇ ਤਰ੍ਹਾਂ ਵਾਰਡ ਨੰਬਰ 14 ਦੇ ਐੱਮ.ਸੀ. ਹਰਵਿੰਦਰ ਸਿੰਘ ਗੋਲਡੀ ਤੂਰ ਨੇ ਦੱਸਿਆ ਕਿ ਵਾਰਡ ਵਾਸੀਆਂ ਦੀ ਇਸ ਮੁਸ਼ਕਲ ਸਬੰਧੀ ਉਨ੍ਹਾਂ ਵੱਲੋਂ ਵੀ ਲਿਖਤੀ ਰੂਪ 'ਚ ਸ਼ਿਕਾਇਤ ਦਿੱਤੀ ਹੋਈ ਹੈ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਾਕੇਸ਼ ਗਰਗ ਨੇ ਕਿਹਾ ਕਿ ਇਹ ਸਮੱਸਿਆ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ। ਉਹ ਹੁਣੇ ਹੀ ਆਪਣੇ ਕਰਮਚਾਰੀ ਨੂੰ ਭੇਜ ਕੇ ਰਿਪੋਰਟ ਮੰਗਵਾ ਰਹੇ ਹਨ ਅਤੇ ਇਸ ਉਪਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।


cherry

Content Editor

Related News