ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਪਾਰਲੀਮੈਂਟ ਸਟਰੀਟ ''ਚ ਲਾਏਗੀ ਧਰਨਾ

Sunday, Sep 23, 2018 - 10:00 AM (IST)

ਚੰਡੀਗੜ੍ਹ (ਭੁੱਲਰ) - ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਮੀਟਿੰਗ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਮੋਦੀ ਸਰਕਾਰ ਦੀ ਪਿਛਲੇ ਸਾਢੇ 4 ਸਾਲ ਦੀ ਕਾਰਗੁਜ਼ਾਰੀ ਨੂੰ ਘੋਖ ਕੇ ਇਸ ਸਮੇਂ ਨੂੰ ਜੁਮਲਿਆਂ ਦਾ ਸਮਾਂ ਕਰਾਰ ਦਿੱਤਾ । ਇਸ ਮੌਕੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਪਹਿਲੀ ਅਕਤੂਬਰ ਨੂੰ ਪੰਜਾਬ ਤੋਂ ਵੱਡੀ  ਗਿਣਤੀ 'ਚ ਕਿਸਾਨ ਦਿੱਲੀ ਵਿਖੇ ਪਾਰਲੀਮੈਂਟ ਸਟਰੀਟ 'ਚ ਰੋਸ ਧਰਨਾ ਦੇਣਗੇ ਅਤੇ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਭਾਜਪਾ ਵਲੋਂ ਆਪਣੇ ਚੋਣ ਮੈਨੀਫੈਸਟੋ ਵਿਚ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਵਿਰੁੱਧ ਰਾਸ਼ਟਰਪਤੀ ਨੂੰ ਮੈਮੋਰੰਡਮ ਦੇਣਗੇ। ਮੈਮੋਰੰਡਮ ਵਿਚ ਭਾਜਪਾ ਦੇ ਹਰ ਚੋਣ ਵਾਅਦੇ ਦੀ ਕਾਰਗੁਜ਼ਾਰੀ ਅਤੇ ਨਾਕਾਮੀ ਦੀ ਰਿਪੋਰਟ ਰਾਸ਼ਟਰਪਤੀ ਨੂੰ ਦੇ ਕੇ ਮੰਗ ਕੀਤੀ ਜਾਵੇਗੀ ਕਿ ਉਹ ਇਹ ਕਾਨੂੰਨੀ ਪੱਖੋਂ ਯਕੀਨੀ ਬਣਾਉਣ ਕਿ ਹਰ ਸਿਆਸੀ ਪਾਰਟੀ ਦਾ ਚੋਣ ਮੈਨੀਫੈਸਟੋ ਇਕ ਕਾਨੂੰਨੀ ਦਸਤਾਵੇਜ਼ ਹੋਵੇਗਾ।

ਇਕ ਹੋਰ ਮਤੇ 'ਚ ਪੰਜਾਬ ਸਰਕਾਰ ਦੀ ਇਸ ਗੱਲੋਂ ਸਖਤ ਨਿੰਦਾ ਕੀਤੀ ਗਈ ਕਿ ਉਸ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ 'ਤੇ ਕਿਸਾਨਾਂ ਨੂੰ ਪਰਾਲੀ ਸੰਭਾਲਣ ਲਈ ਪੂਰੀ ਮਸ਼ੀਨਰੀ ਮੁਹੱਈਆ ਨਹੀਂ ਕਰਵਾਈ। ਉਨ੍ਹਾਂ ਫੈਸਲਾ ਕੀਤਾ ਕਿ ਯੂਨੀਅਨ ਵੱਲੋਂ ਸਰਕਾਰ ਦੀਆਂ ਭ੍ਰਿਸ਼ਟ ਕਾਰਗੁਜ਼ਾਰੀਆਂ ਅਤੇ ਨਾਕਾਮੀਆਂ ਤੁਰੰਤ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਧਿਆਨ 'ਚ ਲਿਆਂਦੀਆਂ ਜਾਣਗੀਆਂ। ਯੂਨੀਅਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਗੰਨੇ ਦੀ ਪਿਛਲੇ ਸਾਲ ਦੀ ਕੀਮਤ ਦੇ ਬਕਾਏ ਦੀ ਅਦਾਇਗੀ ਕਰਨ ਦੀ ਵੀ ਮੰਗ ਕੀਤੀ । ਇਸ ਮੌਕੇ ਨੇਕ ਸਿੰਘ ਖੋਖ ਸੀਨੀਅਰ ਮੀਤ ਪ੍ਰਧਾਨ, ਓਂਕਾਰ ਸਿੰਘ ਅਗੌਲ ਜਨਰਲ ਸਕੱਤਰ, ਮਲਕੀਤ ਸਿੰਘ ਲਖਮੀਰਵਾਲਾ ਆਦਿ ਸ਼ਾਮਲ ਸਨ।


Related News