ਕਿਸਾਨ ਬੀਬੀਆਂ ਵੱਲੋਂ ਮੋਦੀ ਸਰਕਾਰ ਦੇ ਪੁਤਲਾ ਫੂਕਣੇ ਜਾਰੀ

03/18/2018 4:26:42 PM

ਸਾਦਿਕ (ਪਰਮਜੀਤ) - ਬਲਾਕ ਸਾਦਿਕ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਿਸਾਨ ਨੂੰ 23 ਫਰਵਰੀ ਦੇ ਦਿੱਲੀ ਦਾ ਘੇਰਾਓ ਕਰਨ ਜਾ ਰਹੇ ਕਿਸਾਨਾਂ ਨੂੰ ਸੂਬਾ ਸਰਕਾਰਾਂ ਵੱਲੋਂ ਚੀਮਾਂ ਮੰਡੀ ( ਸੰਗਰੂਰ) ਵਿਖੇ  ਬੰਦੀ ਬਣਾਏ ਜਾਣ ਤੋਂ ਬਾਅਦ ਸੰਘਰਸ਼ ਦੀ ਕਮਾਂਡ ਕਿਸਾਨ ਬੀਬੀਆਂ ਨੇ ਸੰਭਾਲ ਲਈ ਹੈ। ਇਸ ਮੌਕੇ ਬਲਾਕ ਸਾਦਿਕ ਦੇ ਪਿੰਡਾਂ ਵਿਚ ਮੋਦੀ ਸਰਕਾਰ ਦੇ ਪੁਤਲੇ ਫੂਕਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਇਸੇ ਤਹਿਤ ਪਿੰਡ ਸ਼ੇਰ ਸਿੰਘ ਵਾਲਾ ਵਿਖੇ ਕਿਸਾਨ ਆਗੂ ਮਹਿੰਦਰ ਸਿੰਘ ਦੀ ਪਤਨੀ ਦੀ ਅਗਵਾਈ ਹੇਠ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ। ਇਹ ਪੁਤਲੇ ਜ਼ਿਲਾ ਫਰੀਦਕੋਟ ਦੇ ਸਾਦਿਕ ਬਲਾਕ ਦੀਆਂ ਕਿਸਾਨ ਬੀਬੀਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਕਿਸਾਨੀ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਵਿਚ ਫੂਕੇ ਜਾ ਰਹੇ ਹਨ। ਇਕੱਠ ਨੂੰ ਸੰਬੋਧਨ ਕਰਦਿਆਂ ਮਨਜੀਤ ਕੌਰ, ਰਜਿੰਦਰ ਕੌਰ, ਦਰਸ਼ੋ ਨੇ ਕਿਹਾ ਕਿ ਭਾਜਪਾ ਆਗੂਆਂ ਨੇ 2014 ਦੀਆਂ ਚੋਣਾਂ ਦੌਰਾਨ ਡਾ. ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਨਾ ਅਤੇ ਸਮੁੱਚੇ ਕਰਜ਼ੇ ਨੂੰ ਖਤਮ ਕਰਨ ਦੇ ਵਾਅਦੇ ਕੀਤੇ, ਜਿਸ ਤੋਂ ਅੱਜ ਸਰਕਾਰਾਂ ਮੁਕਰ ਰਹੀਆਂ ਹਨ। ਆਰਥਿਕ ਤੰਗੀ ਕਾਰਨ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਹਨ। ਅੱਜ ਕਿਸਾਨਾਂ ਦੀ ਬਾਂਹ ਫੜਨ ਵਾਲਾ ਕੋਈ ਦਿਖਾਈ ਨਹੀਂ ਦੇ ਰਿਹਾ। ਕਿਸਾਨ ਆਗੂ ਕੁਲਦੀਪ ਸਿੰਘ ਘੁੱਦੂਵਾਲਾ, ਬਖਤੌਰ ਸਿੰਘ ਸਾਦਿਕ, ਜਗਸੀਰ ਸਿੰਘ ਸਾਧੂਵਾਲਾ ਤੇ ਰਜਿੰਦਰ ਸਿੰਘ ਸਾਦਿਕ ਨੇ ਦੱਸਿਆ ਕਿ 19 ਮਾਰਚ ਨੂੰ ਫਿਰ 200 ਕਿਸਾਨਾਂ ਦਾ ਜਥਾ ਬਲਾਕ ਵਿਚੋਂ ਚੀਮਾ ਮੰਡੀ ਪੁੱਜ ਕੇ ਜੇਲ ਭਰੋ ਅੰਦੋਲਨ ਵਿਚ ਸ਼ਾਮਲ ਹੋਵੇਗਾ। ਇਸ ਮੌਕੇ ਗੁਰਦੇਵ ਕੌਰ, ਹਰਦੀਪ ਕੌਰ, ਦਵਿੰਦਰ ਕੌਰ, ਜਸਵਿੰਦਰ ਕੌਰ ਆਦਿ ਹਾਜ਼ਰ ਸਨ।


Related News