ਕੇਜਰੀਵਾਲ ਚੋਣ ਰਿਓੜੀਆਂ ਨਹੀਂ ਵੰਡ ਰਹੇ : ਭਗਵੰਤ ਮਾਨ
Wednesday, Jan 22, 2025 - 10:04 AM (IST)
ਚੰਡੀਗੜ੍ਹ/ਜਲੰਧਰ (ਰਮਨਜੀਤ, ਧਵਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ’ਚ ਦੇਰ ਰਾਤ ਤੱਕ ਜਨਤਾ ‘ਆਪ’ ਆਗੂਆਂ ਦੇ ਵਿਚਾਰ ਸੁਣਨ ਲਈ ਆ ਰਹੀ ਹੈ ਕਿਉਂਕਿ ਅਸੀਂ ਜਨਤਾ ਦੇ ਭਵਿੱਖ ਲਈ ਲੜ ਰਹੇ ਹਾਂ। ਅਸੀਂ ਜਨਤਾ ਦੇ ਬੱਚਿਆਂ ਨੂੰ ਉੱਚ ਸਿੱਖਿਆ ਦੇਣਾ ਚਾਹੁੰਦੇ ਹਾਂ ਅਤੇ ਉਨ੍ਹਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣਾ ਚਾਹੁੰਦੇ ਹਾਂ। ਭਗਵੰਤ ਮਾਨ ਨੇ ਜਨਤਾ ਨੂੰ ਕਿਹਾ ਕਿ ਉਨ੍ਹਾਂ ਨੂੰ ਵੋਟ ਪਾਉਂਦੇ ਸਮੇਂ ਕਿਸੇ ਹੋਰ ਪਾਰਟੀ ਵੱਲ ਨਹੀਂ ਦੇਖਣਾ ਹੈ ਕਿਉਂਕਿ ਉਹ ਜਨਤਾ ਦੀਆਂ ਹਮਦਰਦ ਪਾਰਟੀਆਂ ਨਹੀਂ ਹਨ।
ਮਾਨ ਨੇ ਕਿਹਾ ਕਿ 90 ਫੀਸਦੀ ਪੰਜਾਬ ਦੇ ਲੋਕਾਂ ਦੇ ਬਿਜਲੀ ਦੇ ਬਿੱਲ ਨਹੀਂ ਆ ਰਹੇ ਹਨ। ਅਸੀਂ ਆਪਣੀ ਗਾਰੰਟੀ ਨੂੰ ਪੂਰਾ ਕੀਤਾ ਹੈ। ਦਿੱਲੀ ’ਚ ਵੀ ਲੋਕਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਮੁੱਖ ਮੰਤਰੀ ਦਿੱਲੀ ਚੋਣਾਂ ’ਚ ਰੋਹਿਣੀ ਇਲਾਕੇ ਵਿਚ ਇਕ ਰੋਡ ਸ਼ੋਅ ’ਚ ਹਿੱਸਾ ਲੈ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ’ਚ ਅਰਵਿੰਦ ਕੇਜਰੀਵਾਲ ਦੇ ਹੱਕ ’ਚ ਲਹਿਰ ਚੱਲ ਰਹੀ ਹੈ ਅਤੇ ‘ਆਪ’ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਕਾਰਨ ਜਨਤਾ ਦਾ ਝੁਕਾਅ ਸਾਡੇ ਵੱਲ ਹੈ।
ਦਿੱਲੀ ’ਚ ਜਨਤਾ ਨੇ ਬਿਜਲੀ ਦੇ ਮੀਟਰ ਹੀ ਕਾਫੀ ਸਮੇਂ ਤੋਂ ਨਹੀਂ ਦੇਖੇ ਹਨ ਕਿਉਂਕਿ ਉਨ੍ਹਾਂ ਦੇ ਬਿੱਲ ਨਹੀਂ ਆਉਂਦੇ ਹਨ। ਪ੍ਰਧਾਨ ਮੰਤਰੀ ਮੋਦੀ ਹੁਣ ਕਹਿ ਰਹੇ ਹਨ ਕਿ ਕੇਜਰੀਵਾਲ ਮੁਫ਼ਤ ’ਚ ਰਿਓੜੀਆਂ ਵੰਡ ਰਹੇ ਹਨ, ਜਦੋਂ ਕਿ ਉਹ ਖੁਦ ਪਾਪੜ ਵੰਡਣ ’ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਆਮ ਆਦਮੀ ਪਾਰਟੀ ਦੀ ਨਕਲ ਕੀਤੀ ਹੈ। ਭਾਜਪਾ ਨੇ ਨੋਟਬੰਦੀ ਕਰ ਕੇ ਆਮ ਲੋਕਾਂ ਦੇ ਹਿੱਤਾਂ ਦੇ ਵਿਰੁੱਧ ਕੰਮ ਕੀਤਾ ਸੀ।
ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਦੀਆਂ ਗਾਰੰਟੀਆਂ ਨਾਲ ਭਾਜਪਾ ਨੂੰ ਤਕਲੀਫ ਹੋ ਰਹੀ ਹੈ। ਉਸ ਨੇ ਨਾ ਤਾਂ ਖੁਦ ਕੁਝ ਕਰਨਾ ਹੈ ਅਤੇ ਨਾ ਹੀ ਜਨਤਾ ਨੂੰ ਕੁਝ ਕਰਨ ਦੇਣਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਹੈ, ਜਿਸ ਨੂੰ ਜਨਤਾ ਚੰਗੀ ਤਰ੍ਹਾਂ ਜਾਣਦੀ ਹੈ। ਕੇਜਰੀਵਾਲ ਤੁਹਾਡੇ ਆਪਣੇ ਹਨ ਅਤੇ ਉਨ੍ਹਾਂ ਨੂੰ ਜਿਤਾਉਣਾ ਜਨਤਾ ਦੇ ਹੱਥ ’ਚ ਹੈ। ਉਹ ਦਿੱਲੀ ’ਚ ਰੋਜ਼ਾਨਾ 3 ਤੋਂ 4 ਜਨਤਕ ਮੀਟਿੰਗਾਂ ਕਰ ਰਹੇ ਹਨ ਅਤੇ ਜਨਤਾ ’ਚ ਉਨ੍ਹਾਂ ਨੇ ਕੇਜਰੀਵਾਲ ਲਈ ਅਥਾਹ ਪਿਆਰ ਦੇਖਿਆ ਹੈ।