ਗੁਰੂ ਰਵਿਦਾਸ ਜੀ ਦਾ ‘ਬੇਗਮਪੁਰਾ’ ਸੰਕਲਪ ਹੀ ‘ਸਭਕਾ ਸਾਥ, ਸਭਕਾ ਵਿਕਾਸ’ ਦੀ ਪ੍ਰੇਰਣਾ: ਕੇਵਲ ਸਿੰਘ ਢਿੱਲੋਂ

Saturday, Aug 01, 2026 - 10:45 PM (IST)

ਗੁਰੂ ਰਵਿਦਾਸ ਜੀ ਦਾ ‘ਬੇਗਮਪੁਰਾ’ ਸੰਕਲਪ ਹੀ ‘ਸਭਕਾ ਸਾਥ, ਸਭਕਾ ਵਿਕਾਸ’ ਦੀ ਪ੍ਰੇਰਣਾ: ਕੇਵਲ ਸਿੰਘ ਢਿੱਲੋਂ

ਚੰਡੀਗੜ੍ਹ - ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਦੀ 650ਵੀਂ ਜਨਮ ਜਯੰਤੀ ਨੂੰ ਸਮਰਪਿਤ ‘ਸਮਰਸਤਾ ਸੰਕਲਪ ਅਭਿਆਨ’ ਤਹਿਤ ਉਨ੍ਹਾਂ ਦੀ ਜਨਮਭੂਮੀ ਸੀਰ ਗੋਵਰਧਨਪੁਰ (ਵਾਰਾਣਸੀ) ਤੋਂ ਲਿਆਂਦੀ ਗਈ ਪਵਿੱਤਰ ਮਿੱਟੀ ਦੀ ਕਲਸ਼ ਯਾਤਰਾ ਦੇ ਪੰਜਾਬ ਪਹੁੰਚਣ 'ਤੇ ਭਰਵਾਂ ਅਤੇ ਸ਼ਰਧਾਪੂਰਵਕ ਸਵਾਗਤ ਕੀਤਾ ਗਿਆ। ਲਾਲੜੂ ਵਿਖੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਵਿੱਤਰ ਕਲਸ਼ ਨੂੰ ਸੀਸ ਨਿਵਾ ਕੇ ਪ੍ਰਾਪਤ ਕੀਤਾ।

ਇਸ ਉਪਰੰਤ ਚੰਡੀਗੜ੍ਹ ਦੇ ਆਰੀਆ ਮੰਦਰ ਵਿਖੇ ਆਯੋਜਿਤ ਸੂਬਾ ਪੱਧਰੀ ਸਮਾਗਮ ਦੌਰਾਨ ਵੱਖ-ਵੱਖ ਜ਼ਿਲ੍ਹਾ ਪ੍ਰਧਾਨਾਂ ਨੂੰ ਪਵਿੱਤਰ ਮਿੱਟੀ ਦੇ ਕਲਸ਼ ਸੌਂਪੇ ਗਏ, ਜਿਨ੍ਹਾਂ ਰਾਹੀਂ ਇਹ ਯਾਤਰਾ ਸੂਬੇ ਭਰ ਵਿੱਚ ਅੱਗੇ ਵਧੇਗੀ। ਸਮਾਗਮ ਦੌਰਾਨ ਸੰਗਤਾਂ ਨੂੰ ਭਗਤ ਗੁਰੂ ਰਵਿਦਾਸ ਜੀ ਦੀ ਇਲਾਹੀ ਬਾਣੀ ਦੇ ਮਨਮੋਹਕ ਕੀਰਤਨ ਨਾਲ ਵੀ ਜੋੜਿਆ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਸਭਕਾ ਸਾਥ, ਸਭਕਾ ਵਿਕਾਸ’ ਦਾ ਸੰਕਲਪ ਗੁਰੂ ਰਵਿਦਾਸ ਜੀ ਦੇ ‘ਬੇਗਮਪੁਰਾ’ ਦੇ ਦਰਸ਼ਨ ਤੋਂ ਹੀ ਪ੍ਰੇਰਿਤ ਹੈ। ਉਨ੍ਹਾਂ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਇਸ ਪਵਿੱਤਰ ਯਾਤਰਾ ਨੂੰ ਲੋਕ ਭਾਗੀਦਾਰੀ ਨਾਲ ਇੱਕ ਵਿਸ਼ਾਲ ‘ਜਨ ਅੰਦੋਲਨ’ ਦਾ ਰੂਪ ਦਿੱਤਾ ਜਾਵੇ।

ਢਿੱਲੋਂ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਲਈ ਬਹੁਤ ਹੀ ਇਤਿਹਾਸਕ ਅਤੇ ਭਾਵਨਾਤਮਕ ਹੈ। ਗੁਰੂ ਰਵਿਦਾਸ ਜੀ ਦੀ ਜਨਮਭੂਮੀ ਦੀ ਪਵਿੱਤਰ ਮਿੱਟੀ ਪੰਜਾਬ ਦੀ ਧਰਤੀ 'ਤੇ ਪਹੁੰਚਣ ਨਾਲ ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਗੁਰੂ ਸਾਹਿਬ ਖੁਦ ਆਪਣੀ ਕਿਰਪਾ ਅਤੇ ਆਸ਼ੀਰਵਾਦ ਬਖ਼ਸ਼ਣ ਲਈ ਪੰਜਾਬ ਆਏ ਹੋਣ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਗੁਰੂ ਰਵਿਦਾਸ ਜੀ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਰੱਖਦੀ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਸੀਰ ਗੋਵਰਧਨਪੁਰ ਦਾ ਵਿਸ਼ਾਲ ਪੱਧਰ 'ਤੇ ਵਿਕਾਸ ਕਰਦਿਆਂ ਉੱਥੇ ਆਧੁਨਿਕ ਲੰਗਰ ਹਾਲ, ਸ਼ਾਨਦਾਰ ਅਜਾਇਬਘਰ ਅਤੇ ਗੁਰੂ ਜੀ ਦੀ ਅਲੌਕਿਕ ਮੂਰਤੀ ਦੀ ਸਥਾਪਨਾ ਕਰਵਾਈ ਹੈ, ਜੋ ਉਨ੍ਹਾਂ ਦੇ ਚਰਨਾਂ ਵਿੱਚ ਸੱਚੀ ਸ਼ਰਧਾਂਜਲੀ ਹੈ। ਇਸ ਦੇ ਨਾਲ ਹੀ ਆਦਮਪੁਰ ਹਵਾਈ ਅੱਡੇ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ 'ਤੇ ਰੱਖਣਾ, ਸੰਤ ਨਿਰੰਜਨ ਦਾਸ ਜੀ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕਰਨਾ ਅਤੇ ਜਲੰਧਰ ਤੋਂ ਵਾਰਾਣਸੀ ਤੱਕ ਸ਼ਰਧਾਲੂਆਂ ਲਈ ਵਿਸ਼ੇਸ਼ ਐਕਸਪ੍ਰੈਸ ਰੇਲਗੱਡੀ ਦੀ ਸੇਵਾ ਸ਼ੁਰੂ ਕਰਨਾ ਵੀ ਗੁਰੂ ਜੀ ਪ੍ਰਤੀ ਕੇਂਦਰ ਸਰਕਾਰ ਦੀ ਅਟੁੱਟ ਸ਼ਰਧਾ ਦਾ ਪ੍ਰਤੀਕ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਰਵਿਦਾਸ ਜੀ ਦੀ ਅੰਮ੍ਰਿਤ ਬਾਣੀ ਨੂੰ ਦਰਜ ਕਰਕੇ ਗੁਰੂ ਸਾਹਿਬਾਨਾਂ ਨੇ ਪੰਜਾਬ ਅਤੇ ਗੁਰੂ ਰਵਿਦਾਸ ਜੀ ਵਿਚਕਾਰ ਇੱਕ ਅਟੁੱਟ ਅਤੇ ਰੂਹਾਨੀ ਰਿਸ਼ਤਾ ਸਥਾਪਿਤ ਕੀਤਾ ਹੈ, ਜੋ ਸਦੀਆਂ ਤੋਂ ਸਮਾਜ ਨੂੰ ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਦਾ ਸੰਦੇਸ਼ ਦੇ ਰਿਹਾ ਹੈ।

ਕੇਵਲ ਸਿੰਘ ਢਿੱਲੋਂ ਨੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਅਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਪੂਰਨਿਮਾ ਤੋਂ ਮਾਘ ਪੂਰਨਿਮਾ ਤੱਕ ਚਲਾਇਆ ਜਾ ਰਿਹਾ ਇਹ ਦੇਸ਼-ਵਿਆਪੀ ਅਭਿਆਨ ਕੇਵਲ ਇੱਕ ਪ੍ਰੋਗਰਾਮ ਨਹੀਂ, ਸਗੋਂ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਇੱਕ ਰਾਸ਼ਟਰੀ ਲਹਿਰ ਹੈ।

ਉਨ੍ਹਾਂ ਪੰਜਾਬ ਭਾਜਪਾ ਦੇ ਸਮੂਹ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਸੰਤ-ਮਹਾਂਪੁਰਖਾਂ, ਧਾਰਮਿਕ ਸੰਸਥਾਵਾਂ, ਨੌਜਵਾਨਾਂ ਅਤੇ ਮਹਿਲਾਵਾਂ ਨੂੰ ਇਸ ਅਭਿਆਨ ਨਾਲ ਜੋੜ ਕੇ ਇਸ ਨੂੰ ‘ਜਨ ਅੰਦੋਲਨ’ ਅਤੇ ‘ਸੇਵਾ ਦਾ ਮਿਸ਼ਨ’ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਸਮਰਸਤਾ, ਏਕਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨਾ ਹੀ ਗੁਰੂ ਰਵਿਦਾਸ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਸਮਾਗਮ ਦੇ ਅੰਤ ਵਿੱਚ ਕੇਵਲ ਸਿੰਘ ਢਿੱਲੋਂ ਨੇ ਕਲਸ਼ ਯਾਤਰਾ ਦੇ ਸਫ਼ਲ ਆਯੋਜਨ ਲਈ ਬਣਾਈ ਗਈ ਕਮੇਟੀ ਦੇ ਅਹੁਦੇਦਾਰਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ, ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।


author

Inder Prajapati

Content Editor

Related News