ਕੋਠੀ ਮਾਲਕ ਤੇ ਪੀ. ਜੀ. ਸੰਚਾਲਕ ’ਤੇ ਅਦਾਲਤ ਨੇ ਤੈਅ ਕੀਤੇ ਦੋਸ਼
Friday, Sep 11, 2026 - 11:18 AM (IST)
ਚੰਡੀਗੜ੍ਹ (ਸੁਸ਼ੀਲ) : ਜ਼ਿਲ੍ਹਾ ਅਦਾਲਤ ਨੇ ਸੈਕਟਰ-32 ਸਥਿਤ ਪੀ. ਜੀ. ’ਚ ਅੱਗ ਲੱਗਣ ਕਾਰਨ 6 ਸਾਲ ਪਹਿਲਾਂ ਤਿੰਨ ਵਿਦਿਆਰਥਣਾਂ ਦੀ ਮੌਤ ਦੇ ਮਾਮਲੇ ’ਚ ਕੋਠੀ ਮਾਲਕ ਗੌਰਵ ਅਨੇਜਾ ਤੇ ਪੀ. ਜੀ. ਸੰਚਾਲਕ ਨਿਤੇਸ਼ ਬਾਂਸਲ ਖ਼ਿਲਾਫ਼ ਲਾਪਰਵਾਹੀ ਕਾਰਨ ਮੌਤ ਦੇ ਮਾਮਲੇ ’ਚ ਦੋਸ਼ ਤੈਅ ਕਰ ਦਿੱਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 27 ਅਕਤੂਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਗੌਰਵ ਅਨੇਜਾ ਤੇ ਨਿਤੇਸ਼ ਬਾਂਸਲ ਨੇ ਦਰਜ ਕੇਸ ਨੂੰ ਪੰਜਾਬ-ਹਰਿਆਣਾ ਹਾਈਕੋਰਟ ’ਚ ਚੁਣੌਤੀ ਦਿੱਤੀ ਸੀ।
ਉਨ੍ਹਾਂ ਦਾ ਤਰਕ ਸੀ ਕਿ ਮਾਮਲੇ ’ਚ ਗੈਰ-ਇਰਾਦਤਨ ਕਤਲ ਦੀ ਧਾਰਾ ਨਹੀਂ ਬਣਦੀ। ਉਨ੍ਹਾਂ ’ਤੇ ਗਲਤ ਧਾਰਾ ਲਾ ਕੇ ਕੇਸ ਨੂੰ ਗੰਭੀਰ ਬਣਾਇਆ ਗਿਆ ਹੈ। ਹਾਈ ਕੋਰਟ ਨੇ ਸੁਣਵਾਈ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਰਾਹਤ ਦਿੰਦਿਆਂ ਧਾਰਾ 304 ਹਟਾ ਕੇ ਧਾਰਾ 304-ਏ ਤਹਿਤ ਕੇਸ ਚਲਾਉਣ ਦੇ ਨਿਰਦੇਸ਼ ਦਿੱਤੇ ਸਨ। ਧਾਰਾ 304, ਭਾਵ ਗੈਰ-ਇਰਾਦਤਨ ਕਤਲ ਦੇ ਮਾਮਲੇ ਦੀ ਸੁਣਵਾਈ ਸੈਸ਼ਨ ਕੋਰਟ ’ਚ ਹੁੰਦੀ ਹੈ, ਪਰ ਧਾਰਾ ਬਦਲਣ ਕਾਰਨ ਹੁਣ ਇਹ ਕੇਸ ਮੈਜਿਸਟ੍ਰੇਟ ਕੋਰਟ ’ਚ ਚੱਲੇਗਾ।
