ਮਿਡ-ਡੇ ਮੀਲ ਤੇ ਆਂਗਣਵਾੜੀ ਸੰਕਟ ਸਰਕਾਰ ਦੀ ਨਾਕਾਮੀ: ਕੇਵਲ ਢਿੱਲੋਂ

Sunday, Sep 13, 2026 - 08:58 PM (IST)

ਮਿਡ-ਡੇ ਮੀਲ ਤੇ ਆਂਗਣਵਾੜੀ ਸੰਕਟ ਸਰਕਾਰ ਦੀ ਨਾਕਾਮੀ: ਕੇਵਲ ਢਿੱਲੋਂ

ਚੰਡੀਗੜ੍ਹ: ਪੰਜਾਬ ਵਿਚ ਮਿਡ-ਡੇ ਮੀਲ ਅਤੇ ਆਂਗਣਵਾੜੀ ਪੋਸ਼ਣ ਸਕੀਮਾਂ ਵਿਚ ਆ ਰਹੇ ਗੰਭੀਰ ਸੰਕਟ ਨੂੰ ਲੈ ਕੇ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੂਬੇ ਦੀ 'ਆਪ' ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ 'ਸਿੱਖਿਆ ਕ੍ਰਾਂਤੀ' ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਦੀ ਲਾਪਰਵਾਹੀ ਦਾ ਖਾਮਿਆਜ਼ਾ ਅੱਜ ਸੂਬੇ ਦੇ ਮਾਸੂਮ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ।

ਸੂਬਾ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਰਿਪੋਰਟਾਂ ਅਨੁਸਾਰ ਜਲੰਧਰ ਦੇ ਲਗਭਗ 1,435 ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿਚ ਮਹੀਨਿਆਂ ਤੋਂ ਪਕਾਉਣ ਦੇ ਫੰਡ ਲੰਬਿਤ ਹਨ। ਅਧਿਆਪਕਾਂ ਨੂੰ ਆਪਣੀ ਜੇਬ੍ਹ ਵਿੱਚੋਂ ਹਜ਼ਾਰਾਂ ਰੁਪਏ ਖਰਚ ਕੇ ਰਾਸ਼ਨ ਖਰੀਦਣਾ ਪੈ ਰਿਹਾ ਹੈ। ਅਧਿਆਪਕਾਂ ਦਾ ਕੰਮ ਪੜ੍ਹਾਉਣਾ ਹੈ ਜਾਂ ਸਰਕਾਰੀ ਸਕੀਮਾਂ ਦੇ ਬਿੱਲ ਤੇ ਉਲਝਣਾਂ ਨੂੰ ਨਜਿੱਠਣਾ? ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਸਕੂਲਾਂ ਵਿੱਚ ਚੁੱਲ੍ਹਿਆਂ 'ਤੇ ਖਾਣਾ ਬਣਾਉਣ ਦੇ ਹਾਲਾਤ ਬਣੇ ਹੋਏ ਹਨ। ਕਾਗਜ਼ੀ ਮੀਨੂ ਦੇ ਹੁਕਮ ਦੇਣ ਵਾਲੀ ਸਰਕਾਰ ਦੱਸੇ ਕਿ ਬੱਚਿਆਂ ਦੀ ਥਾਲੀ ਤੱਕ ਪੋਸ਼ਣ ਕਿਵੇਂ ਪਹੁੰਚੇਗਾ?

ਤਰਨ ਤਾਰਨ ਅਤੇ ਲੁਧਿਆਣਾ ਵਿੱਚ ਮਿਡ-ਡੇ ਮੀਲ ਵਰਕਰ ₹10,000 ਤਨਖਾਹ, DC ਰੇਟ, ਸਮਾਜਿਕ ਸੁਰੱਖਿਆ ਅਤੇ ਬੀਮੇ ਦੀ ਮੰਗ ਨੂੰ ਲੈ ਕੇ ਧਰਨੇ ਦੇ ਰਹੇ ਹਨ, ਜਿਸ ਨਾਲ ਖਾਣਾ ਪਕਾਉਣ ਦਾ ਕੰਮ ਠੱਪ ਹੋ ਰਿਹਾ ਹੈ।
 ਢਿੱਲੋਂ ਨੇ ਕਿਹਾ ਕਿ ਜਲੰਧਰ ਦੇ 1,634 ਆਂਗਣਵਾੜੀ ਕੇਂਦਰਾਂ ਵਿੱਚ ਰਾਸ਼ਨ ਸਪਲਾਈ ਠੱਪ ਹੈ। ਟੈਂਡਰ ਰੱਦ ਹੋਣ ਕਾਰਨ 3-6 ਸਾਲ ਦੇ ਬੱਚਿਆਂ ਨੂੰ ਦਲੀਆ-ਖਿਚੜੀ ਦੀ ਥਾਂ ਟੌਫੀਆਂ ਤੇ ਬਿਸਕੁਟ ਦਿੱਤੇ ਜਾ ਰਹੇ ਹਨ। ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਵੀ ਖੁਰਾਕ ਤੋਂ ਵਾਂਝੀਆਂ ਹਨ।

ਕੇਵਲ ਢਿੱਲੋਂ ਨੇ ਕਿਹਾ ਕਿ ਲੰਬਿਤ ਫੰਡ, ਅਧਿਆਪਕਾਂ ਤੇ ਵਰਕਰਾਂ ਦੇ ਬਕਾਏ ਅਤੇ ਸਪਲਾਇਰਾਂ ਦੇ ਪੈਸੇ ਤੁਰੰਤ ਜਾਰੀ ਕੀਤੇ ਜਾਣ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਬੱਚਿਆਂ ਦੀ ਖੁਰਾਕ, ਰਾਸ਼ਨ ਅਤੇ ਗੈਸ ਲਈ ਪੈਸਾ ਹੀ ਨਹੀਂ ਹੈ, ਤਾਂ ਸਰਕਾਰ ਕਿਸ ਆਧਾਰ 'ਤੇ ਬਦਲਾਅ ਦੇ ਦਾਅਵੇ ਕਰ ਰਹੀ ਹੈ? ਮੀਨੂ ਸਿਰਫ਼ ਕਾਗਜ਼ਾਂ 'ਤੇ ਨਹੀਂ, ਬੱਚਿਆਂ ਦੀ ਥਾਲੀ ਵਿੱਚ ਦਿਸਣਾ ਚਾਹੀਦਾ ਹੈ।


author

Anmol Tagra

Content Editor

Related News