ਪਿੰਡ ’ਚ ਰਿਕਵਰੀ ਕਰਨ ਗਏ ਬੈਂਕ ਅਧਿਕਾਰੀ ਨਾਲ ਕੁੱਟ-ਮਾਰ ; ਕੱਪੜੇ ਪਾੜੇ
Tuesday, Mar 01, 2022 - 09:35 AM (IST)
ਅਬੋਹਰ (ਸੁਨੀਲ, ਰਹੇਜਾ) : ਬੀਤੇ ਦਿਨੀਂ ਪੰਜਾਬ ਨੈਸ਼ਨਲ ਬੈਂਕ ਬੱਲੂਆਣਾ ਦੇ ਰਿਕਵਰੀ ਅਧਿਕਾਰੀ ਤੋਂ ਪਿੰਡ ਭੰਗਾਲਾ ਦੇ ਕੁਝ ਲੋਕਾਂ ਨੇ ਕੁੱਟ-ਮਾਰ ਕੀਤੀ। ਇਨਾਂ ਹੀ ਨਹੀਂ ਉਕਤ ਲੋਕਾਂ ਨੇ ਬੈਂਕ ਅਧਿਕਾਰੀ ਦੇ ਕੱਪੜੇ ਪਾੜਦੇ ਹੋਏ ਉਸਦਾ ਮੋਬਾਇਲ ਵੀ ਤੋੜ ਦਿੱਤਾ। ਫੱਟੜ ਅਧਿਕਾਰੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਪੀ.ਐੱਨ.ਬੀ. ਬੱਲੂਆਣਾ ’ਚ ਨਿਯੁਕਤ ਅਤੇ ਅਬੋਹਰ ਏਕਤਾ ਕਾਲੋਨੀ ਵਾਸੀ ਆਸ਼ੂ ਪ੍ਰਤਾਪ ਮਹਿਤਾ ਬੀਤੇ ਦਿਨੀਂ ਵੱਖ-ਵੱਖ ਪਿੰਡਾਂ ’ਚ ਰਿਕਵਰੀ ਕਰਦੇ ਹੋਏ ਪਿੰਡ ਭੰਗਾਲਾ ਪਹੁੰਚੇ ਅਤੇ ਬੈਂਕ ਦੇ ਲੋਨ ਧਾਰਕਾਂ ਨੂੰ ਆਪਣੀਆਂ ਕਿਸ਼ਤਾਂ ਜਮ੍ਹਾ ਕਰਵਾਉਣ ਨੂੰ ਕਿਹਾ। ਇਸ ਦੌਰਾਨ ਮਹਿਤਾ ਪਿੰਡ ਦੇ ਕਈ ਲੋਕਾਂ ਨੂੰ ਮਿਲੇ ਪਰ ਬਾਅਦ ’ਚ ਕੁਝ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਨਾਲ ਕੁੱਟ-ਮਾਰ ਕਰਦੇ ਹੋਏ ਕੱਪਡ਼ੇ ਪਾਡ਼ ਦਿੱਤੇ। ਘਟਨਾ ਦਾ ਪਤਾ ਚਲਦੇ ਹੀ ਵੱਡੀ ਗਿਣਤੀ ’ਚ ਬੈਂਕ ਕਰਮਚਾਰੀ ਅਤੇ ਯੂਨੀਅਨ ਦੇ ਅਹੁਦੇਦਾਰ ਸਰਕਾਰੀ ਹਸਪਤਾਲ ਪਹੁੰਚੇ।
ਇਹ ਵੀ ਪੜ੍ਹੋ : ਮੋਗਾ ’ਚ ਅਗਵਾ ਕੀਤੀ ਗਈ ਕੁੜੀ ਦੇ ਮਾਮਲੇ ’ਚ ਵੱਡਾ ਖੁਲਾਸਾ, ਸਾਹਮਣੇ ਆਇਆ ਹੈਰਾਨ ਕਰਦਾ ਸੱਚ
ਬੈਂਕ ਆਫਿਸਰ ਐਸੋਸੀਏਸ਼ਨ ਸਰਕਲ ਫਾਜ਼ਿਲਕਾ ਦੇ ਸਕੱਤਰ ਅਜੈ ਅਗਰਵਾਲ ਨੇ ਦੱਸਿਆ ਕਿ ਅੱਜ ਪੀ.ਐੱਨ.ਬੀ. ਵੱਲੋਂ ਬੈਂਕ ਲੋਕ ਦਾ ਸੈਟਲਮੈਂਟ ਕੈਂਪ ਆਯੋਜਿਤ ਕੀਤਾ ਗਿਆ, ਜਿਸ ’ਚ ਸਾਰੇ ਬੈਂਕਾਂ ਦੇ ਬਕਾਇਆ ਲੋਨ ਧਾਰਕਾਂ ਨੂੰ ਸੱਦ ਕੇ ਉਨ੍ਹਾਂ ਨੂੰ ਉੱਕਾ-ਪੁੱਕਾ ਪੈਸੇ ਜਮਾ ਕਰਵਾ ਕੇ ਮਾਮਲੇ ਨਿਪਟਾਉਣ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਮਹਿਤਾ ਵੀ ਇਸ ਲਈ ਪਿੰਡ ਭੰਗਾਲਾ ’ਚ ਲੋਕ ਧਾਰਕਾਂ ਨੂੰ ਇਸ ਸੈਟਲਮੈਂਟ ਕੈਂਪ ਦੀ ਜਾਣਕਾਰੀ ਦੇਣ ਗਏ ਸੀ ਕਿ ਅਚਾਨਕ ਹੀ ਉਨ੍ਹਾਂ ਲੋਕਾਂ ਨੇ ਮਹਿਤਾ ’ਤੇ ਹਮਲਾ ਬੋਲ ਦਿੱਤਾ। ਅਜੈ ਅਗਰਵਾਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਬੈਂਕ ਅਧਿਕਾਰੀ ਨਾਲ ਕੁੱਟ-ਮਾਰ ਕੀਤੀ ਹੈ ਉਹ ਬੈਂਕ ਦੇ ਲੋਨ ਧਾਰਕ ਹਨ ਅਤੇ ਉਨ੍ਹਾਂ ਖਿਲਾਫ ਨਾਮਜ਼ਦ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ ਗਈ ਹੈ। ਜੇਕਰ ਪੁਲਸ ਨੇ ਉਨ੍ਹਾਂ ’ਤੇ ਕੋਈ ਕਾਰਵਾਈ ਨਾ ਕੀਤੀ ਤਾਂ ਯੂਨੀਅਨ ਵੱਲੋਂ ਕੋਈ ਕਦਮ ਚੁੱਕਿਆ ਜਾਵੇਗਾ। ਪੁਲਸ ਉਪ-ਕਪਤਾਨ ਗ੍ਰਾਮੀਣ ਅਵਤਾਰ ਸਿੰਘ ਨੇ ਕਿਹਾ ਕਿ ਫੱਟਡ਼ ਅਧਿਕਾਰੀ ਦੇ ਬਿਆਨ ਦਰਜ ਕਰਕੇ ਹਮਲਾਵਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ