ਪੰਜਾਬ ਦਾ ਨਰਮੇ ਦੇ ਝਾੜ 'ਚ ਨਵਾਂ ਰਿਕਾਰਡ, ਕਿਸਾਨਾਂ ਨੇ ਕੀਤੀ ਬੱਲੇ-ਬੱਲੇ
Saturday, Dec 07, 2019 - 02:37 PM (IST)
ਬਠਿੰਡਾ : ਇਕ ਪਾਸੇ ਜਿੱਥੇ ਕਿਸਾਨੀ ਨੂੰ ਨਰਮੇ ਦੇ ਮੁੱਲ 'ਚ ਮਾਰ ਪਈ ਹੈ, ਉਥੇ ਹੀ ਕਿਸਾਨੀ ਨੇ ਝਾੜ ਵਿਚ ਇਸ ਵਾਰ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੱਤਾ। ਦਰਅਸਲ ਦੇਸ਼ ਭਰ 'ਚੋਂ ਪੰਜਾਬ ਨੇ ਨਰਮੇ ਦੇ ਝਾੜ ਵਿਚ ਨਵਾਂ ਰਿਕਾਰਡ ਬਣਾਇਆ ਹੈ।
ਕੇਂਦਰੀ ਖੇਤੀ ਮੰਤਰਾਲੇ ਦੇ ਅਨੁਮਾਨਾਂ ਦੇ ਵੇਰਵਿਆਂ ਅਨੁਸਾਰ ਪੰਜਾਬ ਵਿਚ ਇਸ ਵਾਰ ਪ੍ਰਤੀ ਏਕੜ 23.17 ਮਣ ਝਾੜ ਨਿਕਲ ਰਿਹਾ ਹੈ ਜੋ ਆਪਣੇ ਆਪ ਵਿਚ ਰਿਕਾਰਡ ਹੈ। ਪੰਜਾਬ ਨੇ ਪਹਿਲੀ ਵਾਰ ਝਾੜ ਵਿਚ ਇਸ ਅੰਕੜੇ ਨੂੰ ਛੂਹਿਆ ਹੈ। ਦੂਸਰਾ ਨੰਬਰ ਗੁਜਰਾਤ ਦਾ ਹੈ, ਜਿਸ ਦਾ ਪ੍ਰਤੀ ਏਕੜ ਝਾੜ 17.25 ਮਣ ਹੈ ਜਦੋਂ ਕਿ ਰਾਜਸਥਾਨ ਪ੍ਰਤੀ ਏਕੜ 15.87 ਮਣ ਦੇ ਝਾੜ ਨਾਲ ਤੀਜੇ ਨੰਬਰ 'ਤੇ ਹੈ। ਕੌਮੀ ਔਸਤ ਦੇਖੀਏ ਤਾਂ 12.81 ਮਣ ਪ੍ਰਤੀ ਏਕੜ ਦੀ ਆ ਰਹੀ ਹੈ। ਦਰਜਨ ਸੂਬਿਆਂ ਵਿੱਚ ਨਰਮੇ ਦੀ ਖੇਤੀ ਹੁੰਦੀ ਹੈ ਅਤੇ ਪਿਛਲੇ ਅਰਸੇ ਤੋਂ ਪੰਜਾਬ ਨਰਮੇ ਦੀ ਪੈਦਾਵਾਰ ਵਿਚ ਪਿਛੇ ਚਲਾ ਗਿਆ ਸੀ।
ਪੰਜਾਬ ਵਿਚ ਇਸ ਵਾਰ 3.92 ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਂਦ ਹੈ, ਜਿਸ 'ਚੋਂ 18.17 ਲੱਖ ਗੱਠਾਂ ਦੀ ਪੈਦਾਵਾਰ ਦਾ ਅਨੁਮਾਨ ਹੈ। ਭਾਰਤੀ ਕਪਾਹ ਨਿਗਮ ਨੇ ਵੀ ਨਰਮੇ ਦੀ ਖਰੀਦ ਸ਼ੁਰੂ ਕੀਤੀ ਹੈ ਪਰ ਕਿਸਾਨ ਧਿਰਾਂ ਸੰਤੁਸ਼ਟ ਨਹੀਂ ਹਨ। ਕਪਾਹ ਪੱਟੀ ਵਿਚ ਵਪਾਰੀਆਂ ਨੇ ਵੀ ਸਰਕਾਰੀ ਭਾਅ ਤੋਂ ਹੇਠਾਂ ਕਾਫ਼ੀ ਫਸਲ ਖਰੀਦੀ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ 1988-89 ਵਿਚ ਸਭ ਤੋਂ ਵੱਧ 7.58 ਲੱਖ ਹੈਕਟੇਅਰ ਰਕਬਾ ਨਰਮੇ ਦੀ ਖੇਤੀ ਹੇਠ ਸੀ, ਜੋ ਸਾਲ 2016-17 ਵਿਚ ਘੱਟ ਕੇ 2.85 ਲੱਖ ਹੈਕਟੇਅਰ 'ਤੇ ਹੀ ਆ ਗਿਆ ਸੀ। ਵਰ੍ਹਿਆਂ ਮਗਰੋਂ ਪੰਜਾਬ ਵਿਚ ਸਾਲ 2006-07 ਵਿਚ ਨਰਮੇ ਦਾ ਝਾੜ ਪ੍ਰਤੀ ਏਕੜ 22 ਮਣ ਨਿਕਲਿਆ ਸੀ। ਪਿਛਲੇ ਵਰ੍ਹੇ ਇਹੋ ਝਾੜ 22.81 ਮਣ ਪ੍ਰਤੀ ਏਕੜ 'ਤੇ ਪੁੱਜ ਗਿਆ ਸੀ। ਜ਼ਿਕਰਯੋਗ ਹੈ ਕਿ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਵਿਚ ਤਿੰਨ ਲੱਖ ਗੱਠਾਂ ਫਸਲ ਆ ਚੁੱਕੀ ਹੈ ਅਤੇ ਭਾਰਤੀ ਕਪਾਹ ਨਿਗਮ ਨੇ ਹੁਣ ਤੱਕ ਪੰਜਾਬ ਚੋਂ 55 ਹਜ਼ਾਰ ਗੱਠਾਂ ਫ਼ਸਲ ਦੀ ਖਰੀਦ ਕੀਤੀ ਹੈ।