ਪੰਜਾਬ ਸਰਕਾਰ ਰਾਜਸਥਾਨ ਨੂੰ ਦਿੱਤੇ ਜਾ ਰਹੇ ਪਾਣੀ ਦੀ ਵਸੂਲੇ ਕੀਮਤ : ਬੈਂਸ
Saturday, Aug 03, 2019 - 04:49 PM (IST)
ਬਠਿੰਡਾ(ਅਮਿਤ ਸ਼ਰਮਾ, ਵਰਮਾ) : ਲੋਕ ਇਨਸਾਫ਼ ਪਾਰਟੀ ਦੇ ਮੈਂਬਰ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਚਲਾਈ ਗਈ ਮੁਹਿੰਮ 'ਸਾਡਾ ਪਾਣੀ ਸਾਡਾ ਹੱਕ' ਦਾ ਆਗਾਜ਼ ਬਠਿੰਡਾ ਪੁੱਜਾ। ਇਸ ਸਬੰਧੀ ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਮੁਫ਼ਤ ਨਹੀਂ ਨਹੀਂ ਦਿੱਤਾ ਜਾਵੇਗਾ। ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ 'ਚ ਫ਼ਸਲਾਂ ਲਈ ਪਾਣੀ ਨਹੀਂ ਮਿਲ ਰਿਹਾ, ਜਦਕਿ ਰਾਜਸਥਾਨ ਨੂੰ ਮੁਫ਼ਤ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਵਾਰ-ਵਾਰ ਚਿਤਾਵਨੀ ਦਿੱਤੀ ਗਈ ਪਰ ਉਹ ਨੀਂਦ ਤੋਂ ਬਾਹਰ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਪੂਰੇ ਪੰਜਾਬ 'ਚ ਇਕ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ 'ਚ 14 ਲੱਖ ਲੋਕਾਂ ਦੇ ਦਸਤਖਤ ਕਰਵਾਏ ਜਾਣਗੇ ਤੇ ਇਸ ਦੀ ਰਿਪੋਰਟ ਵਿਧਾਨ ਸਭਾ 'ਚ ਰੱਖੀ ਜਾਵੇਗੀ। ਲੋਕ ਸਭਾ 'ਚ ਭਗਵੰਤ ਮਾਨ ਤੇ ਹਰਸਿਮਰਤ ਕੌਰ ਬਾਦਲ ਵਿਚ ਹੋਈ ਨੋਕ-ਝੋਕ ਬਾਰੇ 'ਚ ਉਨ੍ਹਾਂ ਕਿਹਾ ਕਿ ਇਹ ਸਾਰੇ ਆਪਸ ਮਿਲੇ ਹੋਏ ਹਨ। ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਲੋਕਾਂ ਨੂੰ ਕੋਈ ਇਨਸਾਫ਼ ਨਹੀਂ ਮਿਲ ਸਕਦਾ। ਵੇਖਿਆ ਜਾਵੇ ਤਾਂ ਇਨ੍ਹਾਂ ਤਿੰਨਾਂ ਦੀ ਇਕ ਹੀ ਆਵਾਜ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਮਨ-ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ, ਗ੍ਰਹਿ ਵਿਭਾਗ ਮੁੱਖ ਮੰਤਰੀ ਕੋਲ ਹੈ ਤੇ ਉਨ੍ਹਾਂ ਦੀ ਪੁਲਸ 'ਤੇ ਪਕੜ ਕਮਜ਼ੋਰ ਹੁੰਦੀ ਜਾ ਰਹੀ ਹੈ।
ਪਟਿਆਲਾ ਦੇ ਰਾਜਪੁਰਾ 'ਚ ਬੀਤੇ ਦਿਨੀਂ ਲਾਪਤਾ ਹੋਏ 2 ਬੱਚਿਆਂ ਦੇ ਮਾਮਲੇ ਬਾਰੇ ਬੈਂਸ ਨੇ ਕਿਹਾ ਕਿ ਪੁਲਸ ਨੇ ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਮੁੱਖ ਮੰਤਰੀ ਇਸ ਮਾਮਲੇ 'ਤੇ ਗੰਭੀਰ ਹੋਏ ਹਨ। ਨਸ਼ਿਆਂ ਬਾਰੇ ਬੈਂਸ ਨੇ ਕਿਹਾ ਕਿ ਕੈਪਟਨ ਨੇ ਚਾਰ ਹਫ਼ਤੇ 'ਚ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਸੀ ਅਤੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਸੀ। ਵਿਧਾਨ ਸਭਾ ਸੈਸ਼ਨ ਬਾਰੇ 'ਚ ਉਨ੍ਹਾਂ ਕਿਹਾ ਕਿ ਕੇਵਲ 4 ਦਿਨ 'ਚ 117 ਵਿਧਾਇਕਾਂ ਨੂੰ ਸੁਣਿਆ ਨਹੀਂ ਜਾ ਸਕਦਾ। ਇਸ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਤੇ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਸੈਸ਼ਨ ਲਈ ਘੱਟ ਤੋਂ ਘੱਟ ਸਮਾਂ ਦਿੱਤਾ। ਨਵਜੋਤ ਸਿੰਘ ਸਿੱਧੂ ਦੇ ਬਾਰੇ 'ਚ ਬੈਂਸ ਨੇ ਕਿਹਾ ਕਿ ਪੰਜਾਬ ਕਾਂਗਰਸ ਨੇ ਸਿੱਧੂ ਤੋਂ ਕਿਨਾਰਾ ਕਰ ਲਿਆ ਤੇ ਉਨ੍ਹਾਂ ਦਾ ਅਗਲਾ ਕਦਮ ਕੀ ਹੋਵੇਗਾ ਕੁਝ ਪਤਾ ਨਹੀਂ। ਉਨ੍ਹਾਂ ਦੀ ਪਾਰਟੀ ਵੱਲੋਂ ਦਰਵਾਜ਼ੇ ਸਿੱਧੂ ਲਈ ਖੁੱਲ੍ਹੇ ਹਨ ਤੇ ਉਹ ਕਦੇ ਵੀ ਉਨ੍ਹਾਂ ਦੀ ਪਾਰਟੀ 'ਚ ਆ ਸਕਦੇ ਹੈ ਤੇ ਉਨ੍ਹਾਂ ਨੂੰ ਕਈ ਵਾਰ ਸੱਦਾ ਵੀ ਦਿੱਤਾ ਜਾ ਚੁੱਕਾ ਹੈ।