ਸਿਵਲ ਹਸਪਤਾਲ ''ਚ ਸਫ਼ਾਈ ਕਰਮਚਾਰੀਆਂ ਦੇ ਕਮਰਿਆਂ ''ਚ ਲੱਗੇ ਏ. ਸੀ., ਮਰੀਜ਼ ਪੱਖਿਆਂ ਨੂੰ ਵੀ ਤਰਸੇ

Thursday, Sep 20, 2018 - 03:24 PM (IST)

ਸਿਵਲ ਹਸਪਤਾਲ ''ਚ ਸਫ਼ਾਈ ਕਰਮਚਾਰੀਆਂ ਦੇ ਕਮਰਿਆਂ ''ਚ ਲੱਗੇ ਏ. ਸੀ., ਮਰੀਜ਼ ਪੱਖਿਆਂ ਨੂੰ ਵੀ ਤਰਸੇ

ਬਠਿੰਡਾ(ਸੁਖਵਿੰਦਰ)— ਸਿਵਲ ਹਸਪਤਾਲ ਵਿਖੇ ਜਿੱਥੇ ਮਰੀਜ਼ਾਂ ਲਈ ਪੱਖਿਆਂ ਦੀ ਸਹੂਲਤ ਵੀ ਪੂਰੀ ਤਰ੍ਹਾਂ ਉਪਲੱਬਧ ਨਹੀਂ ਹੈ, ਉੱਥੇ ਹੀ ਅਧਿਕਾਰੀਆਂ ਦੀ ਮਿਹਰਬਾਨੀ ਸਦਕਾ ਸਿਵਲ ਹਸਪਤਾਲ ਦੇ ਸਫ਼ਾਈ ਕਰਮਚਾਰੀ ਤੇ ਡਰਾਈਵਰ ਏ. ਸੀ.(ਏਅਰ ਕੰਡੀਸਨਰ) ਦੀ ਹਵਾ ਖਾ ਰਹੇ ਹਨ। ਇਸ ਤੋਂ ਇਲਾਵਾ ਕੁਝ ਉਕਤ ਮੁਲਾਜ਼ਮਾਂ ਵਲੋਂ ਬੰਦ ਪਏ ਕਮਰਿਆਂ 'ਚ ਏ.ਸੀ. ਨੂੰ ਚਾਲੂ ਕਰ ਕੇ ਸਿਹਤ ਵਿਭਾਗ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਸਫ਼ਾਈ ਕਰਮਚਾਰੀਆਂ ਤੇ ਡਰਾਈਵਰਾਂ ਲਈ ਐਮਰਜੈਂਸੀ ਵਾਰਡ 'ਚ 2 ਕਮਰੇ ਅਲਾਟ ਕੀਤੇ ਹੋਏ ਹਨ ਤਾਂ ਜੋ ਖਾਲੀ ਸਮੇਂ ਦੌਰਾਨ ਉਥੇ ਬੈਠ ਕੇ ਆਰਾਮ ਕਰ ਸਕਣ ਪਰ ਉਕਤ ਮੁਲਾਜ਼ਮਾਂ ਵਲੋਂ ਨਿਯਮਾਂ ਦੀ ਅਣਦੇਖੀ ਕਰਦਿਆਂ ਉਕਤ ਕਮਰਿਆਂ 'ਚ ਏ. ਸੀ. ਲਾਏ ਹੋਏ ਹਨ। ਅਧਿਕਾਰੀਆਂ ਮੁਤਾਬਕ ਉਕਤ ਸਹੂਲਤ ਸਿਹਤ ਵਿਭਾਗ ਦੇ ਡਾਕਟਰਾਂ ਜਾਂ ਫਿਰ ਉੱਚ ਪੁਜੀਸ਼ਨ 'ਤੇ ਤਾਇਨਾਤ ਮੁਲਾਜ਼ਮਾਂ ਨੂੰ ਮੁਹੱਈਆ ਕਰਵਾਈ ਜਾ ਸਕਦੀ ਹੈ। ਇਸ ਤੋਂ ਪਹਿਲਾਂ ਵੀ ਇਕ ਵਾਰ ਉੱਚ ਅਧਿਕਾਰੀਆਂ ਵਲੋਂ ਉਕਤ ਕਮਰਿਆਂ 'ਚ ਲੱਗੇ ਏ. ਸੀ. ਨੂੰ ਹਟਾਇਆ ਗਿਆ ਸੀ। ਇਸ ਤੋਂ ਇਲਾਵਾ ਇਕ ਕਮਰੇ ਨੂੰ ਬਾਹਰੋਂ ਤਾਲਾ ਲੱਗਿਆ ਹੋਇਆ ਹੈ ਜਦਕਿ ਏ.ਸੀ. ਉਸੇ ਤਰ੍ਹਾਂ ਚੱਲ ਰਹੇ ਹਨ।

ਇਸ ਤਰ੍ਹਾਂ ਕਰ ਕੇ ਜਿੱਥੇ ਬਿਜਲੀ ਦੀ ਬਰਬਾਦੀ ਕੀਤੀ ਜਾ ਰਹੀ ਹੈ ਉੱਥੇ ਹੀ ਵਿਭਾਗ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਹਸਪਤਾਲ 'ਚ ਇਲਾਜ ਲਈ ਆਏ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਕ ਸਿਵਲ ਹਸਪਤਾਲ ਦੇ ਜ਼ਿਆਦਾਤਰ ਵਾਰਡਾਂ 'ਚ ਪੱਖੇ ਵੀ ਪੂਰੀ ਤਰ੍ਹਾਂ ਉਪਲੱਬਧ ਨਹੀਂ ਹਨ ਤੇ ਮਰੀਜ਼ ਗਰਮੀ ਨਾਲ ਪ੍ਰੇਸ਼ਾਨ ਹੋ ਰਹੇ ਹਨ ਪਰ ਉਕਤ ਮੁਲਾਜ਼ਮਾਂ ਨੂੰ ਸ਼ਾਹੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਐੱਸ. ਐੱਮ. ਓ. ਸਤੀਸ਼ ਗੋਇਲ ਨੇ ਕਿਹਾ ਕਿ ''ਸਫ਼ਾਈ ਸੇਵਕਾਂ ਤੇ ਡਰਾਈਵਰਾਂ ਨੂੰ ਕਮਰੇ ਅਲਾਟ ਕੀਤੇ ਗਏ ਹਨ ਪਰ ਕਮਰੇ ਏ. ਸੀ. ਲਗਾਉਣ ਦੀ ਇਜਾਜ਼ਤ ਨਹੀਂ ਹੈ, ਜੇਕਰ ਉਕਤ ਕਮਰਿਆਂ 'ਚ ਏ.ਸੀ. ਲੱਗੇ ਹੋਏ ਹਨ ਤਾਂ ਪੜਤਾਲ ਕਰ ਕੇ ਉਕਤ ਮੁਲਾਜ਼ਮਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ''।


Related News