ਬਠਿੰਡਾ : ਐੱਸ. ਆਈ. ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ

01/13/2020 2:12:06 PM

ਬਠਿੰਡਾ (ਵਰਮਾ) : ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਨੇ ਇਕ ਪੁਰਾਣੇ ਮਾਮਲੇ 'ਚ ਪੁਲਸ ਵੱਲੋਂ ਕਬਜ਼ੇ 'ਚ ਲਏ ਗਏ ਮੋਟਰਸਾਈਕਲ ਨੂੰ ਛਡਵਾਉਣ ਲਈ ਭੁੱਚੋ ਚੌਕੀ ਇੰਚਾਰਜ ਐੱਸ. ਆਈ. ਹਰਗੋਬਿੰਦ ਸਿੰਘ ਅਤੇ ਇਕ ਹੋਰ ਵਿਅਕਤੀ ਨੂੰ 11,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਖਿਲਾਫ਼ ਵਿਜੀਲੈਂਸ ਬਿਊਰੋ ਥਾਣੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਵਿਜੀਲੈਂਸ ਬਿਊਰੋ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਗਜੀਤ ਸਿੰਘ ਵਾਸੀ ਤੁੰਗਵਾਲੀ ਦਾ ਮੋਟਰਸਾਈਕਲ ਇਕ ਪੁਰਾਣੇ ਮਾਮਲੇ 'ਚ ਥਾਣੇ ਨਥਾਣਾ ਪੁਲਸ ਦੇ ਕਬਜ਼ੇ 'ਚ ਸੀ। ਉਕਤ ਮੋਟਰਸਾਈਕਲ ਨੂੰ ਹਾਸਲ ਕਰਨ ਲਈ ਉਸਨੇ ਮਾਣਯੋਗ ਅਦਾਲਤ ਤੋਂ ਅਪੀਲ ਦਾਈਰ ਕੀਤੀ ਸੀ। ਉਕਤ ਮੋਟਰਸਾਈਕਲ ਦੀ ਸਪੁਰਦਗੀ ਦੀ ਰਿਪੋਰਟ ਭੁੱਚੋ ਚੌਕੀ ਦੇ ਇੰਚਾਰਜ ਹਰਗੋਬਿੰਦ ਸਿੰਘ ਵੱਲੋਂ ਕੀਤੀ ਜਾਣੀ ਸੀ ਅਤੇ ਉਸ ਦੇ ਬਾਅਦ ਹੀ ਮੁੱਦਈ ਨੂੰ ਉਸਦਾ ਮੋਟਰਸਾਈਕਲ ਮਿਲਣਾ ਸੀ। ਉਸ ਨੇ ਇਸ ਸਬੰਧ 'ਚ ਐੱਸ. ਆਈ. ਹਰਗੋਬਿੰਦ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਰਿਪੋਰਟ ਬਣਾਉਣ ਲਈ 15 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਅਤੇ ਬਾਅਦ 'ਚ ਉਨ੍ਹਾਂ ਦਾ ਸੌਦਾ 10 ਹਜ਼ਾਰ ਰੁਪਏ 'ਚ ਤੈਅ ਹੋ ਗਿਆ। ਇਸ ਦੇ ਨਾਲ ਹੀ ਦੋਵੇਂ ਪਾਰਟੀਆਂ 'ਚ ਗੱਲਬਾਤ ਕਰਵਾਉਣ ਵਾਲੇ ਇਕ ਨਿੱਜੀ ਵਿਅਕਤੀ ਰਾਮ ਜੀ ਲਾਲ ਨੇ ਵੀ 1000 ਰੁਪਏ ਦੀ ਮੰਗ ਕੀਤੀ। ਸ਼ਿਕਾਇਤ ਦੇ ਆਧਾਰ 'ਤੇ ਵਿਜੀਲੈਂਸ ਦੇ ਡੀ. ਐੱਸ. ਪੀ. ਰਾਜ ਕੁਮਾਰ ਨੇ ਯੋਜਨਾ ਤਹਿਤ ਦੋਵੇ ਦੋਸ਼ੀਆਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੀਂ ਹੱਥੀਂ ਕਾਬੂ ਕਰ ਲਿਆ। ਦੋਸ਼ੀਆਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


cherry

Content Editor

Related News