ਬਰਨਾਲਾ ਦੇ ਰੈਨ ਬਸੇਰੇ ਨੂੰ ਲੱਗਿਆ ਰਹਿੰਦੈ ਜਿੰਦਰਾ, ਲੋਕ ਖੁੱਲ੍ਹੇ ਆਸਮਾਨ ਹੇਠ ਸੌਣ ਲਈ ਮਜਬੂਰ

Thursday, Dec 05, 2019 - 04:30 PM (IST)

ਬਰਨਾਲਾ ਦੇ ਰੈਨ ਬਸੇਰੇ ਨੂੰ ਲੱਗਿਆ ਰਹਿੰਦੈ ਜਿੰਦਰਾ, ਲੋਕ ਖੁੱਲ੍ਹੇ ਆਸਮਾਨ ਹੇਠ ਸੌਣ ਲਈ ਮਜਬੂਰ

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ) : ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਰਾਤ ਸਮੇਂ ਕੜਾਕੇ ਦੀ ਠੰਡ ਵਿਚ ਵੀ ਕਈ ਲੋਕ ਖੁੱਲ੍ਹੇ ਆਸਮਾਨ ਹੇਠ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿਚ ਸੁੱਤੇ ਪਏ ਸਨ। ਜਦੋਂ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਹਿਦਾਇਤਾਂ ਹਨ ਕਿ ਕੋਈ ਵੀ ਵਿਅਕਤੀ ਖੁੱਲ੍ਹੇ ਆਸਮਾਨ ਹੇਠ ਨਾ ਸੌਵੇ। ਇਸ ਲਈ ਨਗਰ ਕੌਂਸਲਾਂ ਨੂੰ ਸ਼ਹਿਰ ਵਿਚ ਰੈਨ ਬਸੇਰੇ ਬਣਾਉਣ ਦੇ ਹੁਕਮ ਦਿੱਤੇ ਗਏ ਹਨ। ਕੋਰਟ ਦੀਆਂ ਹਿਦਾਇਤਾਂ ਅਨੁਸਾਰ ਨਗਰ ਕੌਂਸਲ ਵੱਲੋਂ ਬਰਨਾਲਾ ਸ਼ਹਿਰ ਵਿਚ ਵੀ ਲਗਭਗ 23 ਲੱਖ ਰੁਪਏ ਦੀ ਲਾਗਤ ਨਾਲ ਰੈਨ ਬਸੇਰਾ ਤਾਂ ਬਣਾ ਦਿੱਤਾ ਗਿਆ ਹੈ। ਇਕ ਹਿੱਸੇ ਵਿਚ ਔਰਤਾਂ ਦੇ ਰਹਿਣ ਲਈ ਹਾਲ ਬਣਾਇਆ ਗਿਆ ਹੈ। ਦੂਸਰੇ ਹਿੱਸੇ ਵਿਚ ਮਰਦਾਂ ਦੇ ਰਹਿਣ ਲਈ ਹਾਲ ਬਣਾਇਆ ਗਿਆ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਇਸ ਰੈਨ ਬਸੇਰੇ ਨੂੰ ਜ਼ਿਆਦਾਤਰ ਸਮਾਂ ਜਿੰਦਰਾ ਹੀ ਲੱਗਾ ਰਹਿੰਦਾ ਹੈ, ਜਿਸ ਕਾਰਨ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਕਾਰਜਕਾਰਨੀ ਵੀ ਸਵਾਲਾਂ ਦੇ ਘੇਰੇ ਵਿਚ ਆ ਜਾਂਦੀ ਹੈ।

ਕੀ-ਕੀ ਸਹੂਲਤਾਂ ਮੁਹੱਈਆਂ ਕਰਵਾਉਣੀਆਂ ਹੁੰਦੀਆਂ ਹਨ ਰੈਨ ਬਸੇਰੇ ਵਿਚ 
ਕੋਰਟ ਦੀਆਂ ਹਿਦਾਇਤਾਂ ਅਨੁਸਾਰ ਰੈਨ ਬਸੇਰੇ ਵਿਚ ਉਹ ਵਿਅਕਤੀ ਠਹਿਰ ਸਕਦੇ ਹਨ ਜਿਨ੍ਹਾਂ ਕੋਲ ਆਪਣਾ ਘਰ ਨਹੀਂ ਹੁੰਦਾ। ਰੈਨ ਬਸੇਰੇ ਵਿਚ ਉਨ੍ਹਾਂ ਲਈ ਮੰਜੇ ਬਿਸਤਰੇ ਦਾ ਪ੍ਰਬੰਧ ਨਗਰ ਕੌਂਸਲ ਨੇ ਕਰਨਾ ਹੁੰਦਾ ਹੈ। ਇਸ ਦੇ ਨਾਲ-ਨਾਲ ਨਹਾਉਣ ਲਈ ਪਾਣੀ ਅਤੇ ਟਾਇਲਟ ਦਾ ਪ੍ਰਬੰਧ ਕਰਨਾ ਹੁੰਦਾ ਹੈ। ਭੋਜਨ ਬਣਾਉਣ ਲਈ ਰਸੋਈ ਦਾ ਵੀ ਪ੍ਰਬੰਧ ਰੈਨ ਬਸੇਰੇ ਵਿਚ ਹੋਣਾ ਜਰੂਰੀ ਹੈ। ਨਗਰ ਕੌਂਸਲ ਦੇ ਰੈਨ ਬਸੇਰੇ ਵਿਚ ਇਹ ਸਾਰੇ ਪ੍ਰਬੰਧ ਤਾਂ ਹਨ ਪਰ ਇਸ ਰੈਨ ਬਸੇਰੇ ਵਿਚ ਜ਼ਿਆਦਾਤਰ ਜਿੰਦਰਾ ਲੱਗਾ ਹੋਣ ਕਾਰਨ ਇਥੇ ਕੋਈ ਵੀ ਵਿਅਕਤੀ ਠਹਿਰ ਨਹੀਂ ਸਕਦਾ। ਲੱਖਾਂ ਰੁਪਏ ਖਰਚਣ ਮਗਰੋਂ ਵੀ ਰੈਨ ਬਸੇਰੇ ਦਾ ਬੰਦ ਰਹਿਣਾ ਅਧਿਕਾਰੀ ਦੀ ਨਾਲਾਇਕੀ ਜਾਹਿਰ ਕਰਦਾ ਹੈ। ਜਦੋਂਕਿ ਸ਼ਹਿਰ ਵਿਚ ਅਨੇਕਾਂ ਹੀ ਵਿਅਕਤੀ ਖੁੱਲ੍ਹੇ ਆਸਮਾਨ ਹੇਠਾਂ ਸੌਂਦੇ ਹਨ। ਪਿਛਲੇ ਸਮੇਂ ਦੌਰਾਨ ਅਨਾਜ ਮੰਡੀ ਵਿਚ ਖੁੱਲ੍ਹੇ ਆਸਮਾਨ ਹੇਠ ਇਕ ਸੁੱਤੇ ਹੋਏ ਵਿਅਕਤੀ 'ਤੇ ਟਰੱਕ ਚੜ•ਗਿਆ ਸੀ ਅਤੇ ਉਸਦੀ ਮੌਤ ਹੋ ਗਈ।

ਜਿੰਮੇਵਾਰ ਅਧਿਕਾਰੀਆਂ 'ਤੇ ਕੀਤੀ ਜਾਣੀ ਚਾਹੀਦੀ ਹੈ ਸਖਤ ਕਾਰਵਾਈ 
ਸਮਾਜ ਸੇਵੀ ਹੀਰਾ ਲਾਲ ਨੇ ਕਿਹਾ ਕਿ ਰੈਨ ਬਸੇਰੇ ਦਾ ਨਿਰਮਾਣ ਸ਼ਹਿਰ ਵਿਚ ਇਸ ਲਈ ਕੀਤਾ ਗਿਆ ਸੀ ਕਿ ਜਰੂਰਤਮੰਦ ਵਿਅਕਤੀ ਇਸ ਵਿਚ ਠਹਿਰ ਸਕਣ ਪਰ ਇਸ ਰੈਨ ਬਸੇਰੇ ਨੂੰ ਜਿੰਦਰਾ ਹੀ ਲੱਗਿਆ ਰਹਿੰਦਾ ਹੈ। ਇਸ ਲਈ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਅਣਗਹਿਲੀ ਕਰਨ ਵਾਲਿਆਂ ਵਿੱਰੁਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਅਧਿਕਾਰੀ ਇਸ ਤਰ੍ਹਾਂ ਦੀ ਅਣਗਹਿਲੀ ਨਾ ਕਰੇ।

ਰੈਨ ਬਸੇਰੇ ਬਾਰੇ ਲੋਕਾਂ ਨੂੰ ਨਹੀਂ ਕੀਤਾ ਗਿਆ ਜਾਗਰੂਕ
ਜਸਮੇਲ ਸਿੰਘ ਡੇਅਰੀਵਾਲਾ ਨੇ ਕਿਹਾ ਕਿ ਕਈ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਜਰੂਰਤਮੰਦ ਲੋਕਾਂ ਲਈ ਰੈਨ ਬਸੇਰਾ ਬਣਿਆ ਹੋਇਆ ਹੈ। ਜੇਕਰ ਲੋਕਾਂ ਨੂੰ ਸਹੀ ਢੰਗ ਨਾਲ ਜਾਗਰੂਕ ਕੀਤਾ ਜਾਵੇ ਤਾਂ ਜਰੂਰਤਮੰਦ ਲੋਕ ਰੈਨ ਬਸੇਰੇ ਦਾ ਲਾਭ ਉਠਾ ਸਕਦੇ ਹਨ। ਅਧਿਕਾਰੀਆਂ ਨੂੰ ਆਪਣੇ ਕਮਰਿਆਂ ਵਿਚੋਂ ਨਿਕਲ ਕੇ ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਕਿ ਜਰੂਰਤਮੰਦ ਲੋਕ ਰੈਨ ਬਸੇਰੇ ਵਿਚ ਆ ਕੇ ਠਹਿਰ ਸਕਣ।


author

cherry

Content Editor

Related News