ਸਾਲ 2021 ਬਰਨਾਲਾ ''ਚ ਕੀਤੇ ਜਾਣਗੇ ਰਿਕਾਰਡ ਤੋੜ ਵਿਕਾਸ ਕਾਰਜ : ਢਿੱਲੋਂ

11/19/2020 11:44:39 AM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਜ਼ਿਲ੍ਹਾ ਬਰਨਾਲਾ ਦੀ 14ਵੀਂ ਵਰ੍ਹੇਗੰਢ ਮੌਕੇ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਜ਼ਿਲ੍ਹਾ ਬਰਨਾਲਾ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਬਰਨਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਸਭ ਤੋਂ ਪਹਿਲਾਂ ਅਹਿਮ ਮੰਗ ਰੱਖੀ ਗਈ ਸੀ ਤਾਂ ਕਿ ਬਰਨਾਲਾ ਨੂੰ ਜ਼ਿਲ੍ਹੇ ਦਾ ਦਰਜਾ ਦਿਵਾਉਣ ਉਪਰੰਤ ਜ਼ਿਲ੍ਹਾ ਪੱਧਰੀ ਗ੍ਰਾਂਟਾਂ ਮਿਲਣ ਨਾਲ ਬਰਨਾਲਾ ਦਾ ਰਿਕਾਰਡ ਤੋੜ ਵਿਕਾਸ ਕਾਰਜ ਕਰਵਾ ਕੇ ਬਰਨਾਲਾ ਦੇ ਪਿਛੜੇਪਣ ਨੂੰ ਦੂਰ ਕੀਤਾ ਜਾ ਸਕੇ। ਮੇਰੇ ਵਲੋਂ ਰੱਖੀ ਗਈ ਅਹਿਮ ਮੰਗ ਨੂੰ 
ਪੂਰਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵਲੋਂ 19 ਨਵੰਬਰ 2006 'ਚ ਬਰਨਾਲਾ ਵਾਸੀਆਂ ਨੂੰ ਬਰਨਾਲਾ ਨੂੰ ਜ਼ਿਲ੍ਹਾ ਬਣਾ ਕੇ ਸਭ ਤੋਂ ਵੱਡਾ ਤੋਹਫਾ ਦਿੱਤਾ ਗਿਆ ਸੀ। ਮੇਰੇ ਵੱਲੋਂ ਕੀਤੇ ਗਏ ਇਸ ਅਣਥੱਕ ਯਤਨਾਂ ਸਦਕਾ ਅੱਜ ਸਾਰੇ ਜ਼ਿਲ੍ਹਾ ਨਿਵਾਸੀ ਆਨੰਦ ਮਾਣ ਰਹੇ ਹਨ ਅਤੇ ਮਾਣ ਮਹਿਸੂਸ ਕਰ ਰਹੇ ਹਨ।

ਬਰਨਾਲਾ ਵਾਸੀਆਂ ਨੂੰ ਪਹਿਲਾਂ ਆਪਣੇ ਸਰਕਾਰੀ ਕੰਮਕਾਜ ਲਈ ਸੰਗਰੂਰ ਜਾਣਾ ਪੈਂਦਾ ਸੀ ਜਿਸ ਲਈ ਬਰਨਾਲਾ ਵਾਸੀਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਆਦਮੀ ਦਾ ਸਾਰਾ ਦਿਨ ਆਪਣੇ ਕੰਮ ਕਰਵਾਉਣ ਲਈ ਸੰਗਰੂਰ ਵਿਖੇ ਲੰਘ ਜਾਂਦਾ ਸੀ ਪਰ ਬਰਨਾਲਾ ਜ਼ਿਲਾ ਬਣਨ ਨਾਲ ਸਾਰੇ ਹੀ ਦਫਤਰ ਬਰਨਾਲਾ ਦੇ ਕੋਰਟ ਕੰਪਲੈਕਸ 'ਚ ਇਕ ਛੱਤ ਹੇਠ ਆ ਗਏ ਹਨ ਜਿੱਥੇ ਬਰਨਾਲਾ ਵਾਸੀਆਂ ਨੂੰ ਆਪਣੇ ਕੰਮਕਾਜ ਲਈ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲਾ ਜਿਸ ਨੇ ਪੰਜਾਬ ਅਤੇ ਦੇਸ਼ ਪੱਧਰ 'ਤੇ ਸਿਆਸੀ ਆਗੂ ਪੈਦਾ ਕੀਤੇ ਹਨ, ਜਿਨ੍ਹਾਂ 'ਚ ਮੁੱਖ ਮੰਤਰੀ ਤੇ ਵੱਖ-ਵੱਖ ਰਾਜਾਂ ਦੇ ਰਾਜਪਾਲ, ਰਾਜ ਸਭਾ ਮੈਂਬਰ, ਮੈਂਬਰ ਪਾਰਲੀਮੈਂਟ ਵੀ ਰਿਹੇ ਪਰ ਬਰਨਾਲਾ ਜ਼ਿਲੇ ਦੀ ਨੁਹਾਰ ਬਦਲਣ 'ਚ ਕਿਸੇ ਵੀ ਆਂਗੂ ਦੀ ਯੋਗ ਭੂਮਿਕਾ ਨਹੀਂ ਰਹੀ ਤੇ ਬਰਨਾਲਾ ਜ਼ਿਲੇ ਦਾ ਨਾ ਪੱਛੜੇਪਨ ਦਾ ਅਹਿਸਾਸ ਦਿਵਾਉਂਦਾ ਸੀ।

ਬਰਨਾਲਾ ਪਹਿਲਾਂ ਤਹਿਸੀਲ ਹੁੰਦਾ ਸੀ ਜਿਸ ਕਾਰਣ ਬਰਨਾਲਾ ਵਿਕਾਸ ਪੱਖੋਂ ਪਛੜਿਆ ਹੋਇਆ ਸੀ ਪਰ ਉਨ੍ਹਾਂ ਕਿਹਾ ਕਿ ਮੇਰਾ ਪਹਿਲਾ ਵੱਡਾ ਸੁਪਨਾ ਸੀ ਬਰਨਾਲਾ ਨੂੰ ਪਹਿਲਾ ਜ਼ਿਲਾ ਬਣਾਇਆ ਜਾਵੇ ਤਾਂ ਕਿ ਬਰਨਾਲਾ 'ਚ ਜ਼ਿਲਾ ਪੱਧਰ 'ਤੇ ਵਿਕਾਸ ਕਾਰਜ ਕੀਤੇ ਜਾ ਸਕਣ ਤੇ ਬਰਨਾਲਾ ਨਾਂ ਨਾਲ ਲੱਗੇ ਪੱਛੜੇਪਣ ਦੇ ਦਾਗ ਨੂੰ ਉਤਾਰਨ 'ਚ ਦਿਨ ਰਾਤ ਇਕ ਕਰ ਦਵਾ। ਜਿਸ ਤਹਿਤ ਮੇਰੇ ਵੱਲੋਂ ਕੀਤੇ ਅਣਥੱਕ ਯਤਨਾਂ ਸਦਕਾ ਮੇਰਾ 19 ਨਵੰਬਰ 2006 ਨੂੰ ਬਰਨਾਲਾ ਨੂੰ ਜ਼ਿਲਾ ਬਣਾਉਣ ਦਾ ਸੁਪਨਾ ਪੂਰਾ ਹੋ ਗਿਆ। ਇਸ ਤੋਂ ਬਾਅਦ ਕਾਫੀ ਹੱਦ ਤੱਕ ਮੈਂ ਬਰਨਾਲਾ ਨੂੰ ਤਰੱਕੀ ਦੇ ਰਾਹਾਂ 'ਤੇ ਲਿਜਾਣ 'ਚ ਕਾਮਯਾਬ ਹੋਇਆਂ ਹਾਂ ਅਤੇ ਹੁਣ ਸੂਬੇ 'ਚ ਜਦੋਂ ਤੋਂ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਆਈ ਹੈ ਉਦੋਂ ਤੋਂ ਬਰਨਾਲਾ 'ਚ ਅਨੇਕਾਂ ਰਿਕਾਰਡ ਤੋੜ ਕੰਮ ਕਰਵਾਏ ਗਏ ਤੇ ਪੂਰੇ ਜ਼ਿਲੇ 'ਚ ਵਿਕਾਸ ਕਾਰਜ ਵੱਡੀ ਪੱਧਰ 'ਤੇ ਚੱਲ ਰਹੇ ਹਨ।

ਸ਼ਹਿਰ ਬਰਨਾਲਾ ਦੀ ਗੱਲ ਕਰੀਏ ਤਾਂ ਸ਼ਹਿਰ ਦੇ ਮੇਨ ਬਾਜ਼ਾਰਾਂ 'ਚ ਪ੍ਰੀਮਿਕਸ ਤੇ ਫਰਵਾਹੀ ਬਾਜ਼ਾਰ ਵਿਚ ਦੋਵੇਂ ਸਾਈਡ ਇੰਟਰਲਾਕ ਟਾਈਲਾਂ, ਸੀਵਰੇਜ ਪਾਈਪਾਂ, ਗਲੀਆਂ 'ਚ ਇੰਟਰਲਾਕ ਟਾਈਲਾਂ, ਲਗਭਗ 92 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਟਰੀਟਮੈਂਟ ਪਲਾਂਟ, ਅਨੇਕਾਂ ਫਲਾਈਓਵਰ, ਅਨੇਕਾਂ ਸੜਕਾਂ ਦੇ ਰਿਕਾਰਡ ਤੋੜ ਕੰਮ ਕਰਵਾਏ ਗਏ ਹਨ। ਜਿਸ 'ਚ ਧਨੌਲਾ ਰੋਡ, ਧਨੌਲਾ ਅੰਡਰਬ੍ਰਿਜ, ਆਧੁਨਿਕ ਐੱਲ.ਈ.ਡੀ. ਸਟਰੀਟ ਲਾਈਟਾਂ, ਸ਼ਹਿਰ ਦੀਆਂ ਛੋਟੀਆਂ ਤੇ ਵੱਡੀਆਂ ਸੜਕਾਂ ਤੇ ਪ੍ਰੀਮਿਕਸ ਪਾਇਆ ਗਿਆ, ਨਵੇਂ ਪੀਣ ਵਾਲੇ ਪਾਣੀ ਦੇ ਟਿਊਬਵੈਲ ਲਗਵਾਏ ਗਏ, ਸ਼ਹਿਰ ਦੀ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ 100 ਕਰੋੜ ਰੁਪਏ ਦੀ ਗ੍ਰਾਂਟ ਪਾਸ ਕਰਵਾਈ ਗਈ।

ਸਰਕਾਰੀ ਹਸਪਤਾਲ ਬਰਨਾਲਾ ਵਿਖੇ ਕੋਰੋਨਾ ਬੀਮਾਰੀ ਦੇ ਚਲਦਿਆਂ 2 ਵੈਂਟੀਲੇਟਰ ਮੁਹੱਈਆ ਕਰਵਾਏ ਗਏ। ਹੰਡਿਆਇਆ ਤੇ ਧਨੌਲਾ ਦੀ ਗੱਲ ਕਰੀਏ ਤਾਂ ਹੰਡਿਆਇਆ ਤੇ ਧਨੌਲਾ 'ਚ ਕਰੋੜਾਂ ਰੁਪਏ ਦੇ ਲਾਗਤ ਨਾਲ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਦਿੱਤੀ ਗਈ ਹੈ ਹਰ ਪਾਸੇ ਬਣਨ ਯੋਗ ਗਲੀਆਂ ਵਿਚ ਇੰਟਰਲਾਕ ਟਾਈਲਾਂ ਲਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਧਨੌਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ 45 ਲੱਖ ਰੁਪਏ ਦੀ ਲਾਗਤ ਨਾਲ ਦਿੱਖ ਬਦਲੀ ਜਾ ਰਹੀ ਹੈ ਜਿਸ 'ਚ ਕਮਰੇ, ਸਕੂਲ ਦੀ ਚਾਰਦੀਵਾਰੀ, ਬੈੱਚ, ਲੈਂਬਸ, ਮੇਨ ਗੇਟ, ਵਿਦਿਆਰਥੀਆਂ ਦੇ ਲਈ ਸਾਈਕਲ ਸਟੈਂਡ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪਿੰਡਾਂ ਦੀ ਗੱਲ ਕਰੀਏ ਤਾਂ ਕੇਵਲ ਢਿੱਲੋਂ ਵੱਲੋਂ ਇਲਾਕੇ ਦੇ ਅਨੇਕਾਂ ਪਿੰਡਾਂ ਦੀ ਨੁਹਾਰ ਬਦਲਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਗਈ।


Shyna

Content Editor

Related News