ਬੈਂਕ ਕਾਲੋਨੀ, ਨੂਰਵਾਲਾ ਰੋਡ ਤੋਂ ਚਿੱਟੇ ਸਮੇਤ ਸਮੱਗਲਰ ਗ੍ਰਿਫਤਾਰ
Thursday, Nov 15, 2018 - 07:19 AM (IST)
ਲੁਧਿਆਣਾ, (ਰਿਸ਼ੀ)- ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੇ ਬੁੱਧਵਾਰ ਦੇਰ ਸ਼ਾਮ ਬੈਂਕ ਕਾਲੋਨੀ, ਨੂਰਵਾਲਾ ਰੋਡ ’ਤੇ ਰੇਡ ਕਰ ਕੇ ਨਸ਼ਾ ਸਮੱਗਲਰ ਤੇ ਉਸ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਵੱਡੀ ਮਾਤਰਾ ਵਿਚ ਨਸ਼ੇ ਦੀ ਰਿਕਵਰੀ ਹੋਈ।
ਫਡ਼ਿਆ ਗਿਆ ਇਕ ਸਮੱਗਲਰ ਪੁਲਸ ’ਤੇ ਰੋਅਬ ਝਾਡ਼ਨ ਤੇ ਪੁਲਸ ਨੂੰ ਚਕਮਾ ਦੇਣ ਲਈ ਖੁਦ ਨੂੰ ਪੱਤਰਕਾਰ ਦੱਸਦਾ ਹੈ। ਜਾਅਲੀ ਪੱਤਰਕਾਰ ਨੇ ਇਲਾਕੇ ਵਿਚ ਵੀ ਪੂਰੀ ਦਹਿਸ਼ਤ ਕਾਇਮ ਕਰ ਰੱਖੀ ਸੀ। ਉਕਤ ਸਮੱਗਲਰ ਖਿਲਾਫ ਪਹਿਲਾਂ ਵੀ ਬਸਤੀ ਜੋਧੇਵਾਲ ਥਾਣੇ ’ਚ ਇਕ ਮਾਮਲਾ ਦਰਜ ਹੈ। ਪੁਲਸ ਸੂਤਰਾਂ ਅਨੁਸਾਰ ਉਕਤ ਦੋਸ਼ੀ ਕਾਫੀ ਵੱਡੇ ਪੱਧਰ ’ਤੇ ਨਸ਼ਾ ਸਮੱਗਲਿੰਗ ਕਰ ਰਿਹਾ ਸੀ ਅਤੇ ਪੁਲਸ ਦੀਆਂ ਅੱਖਾਂ ’ਚ ਘੱਟਾ ਪਾਉਣ ਲਈ ਪੱਤਰਕਾਰ ਬਣਿਆ ਹੋਇਆ ਸੀ। ਪੁਲਸ ਸੂਤਰਾਂ ਅਨੁਸਾਰ ਦੋਨੋਂ ਸਮੱਗਲਰਾਂ ਦੇ ਕੋਲੋਂ 1 ਕਿਲੋ ਚਿੱਟਾ ਬਰਾਮਦ ਹੋਇਆ ਹੈ। ਮੁਲਜ਼ਮ 2 ਸਾਲਾਂ ਤੋਂ ਹਰ ਰੋਜ਼ ਪੁਲਸ ਸਟੇਸ਼ਨ ਦੇ ਅੰਦਰ ਤੇ ਬਾਹਰ ਘੰਟਿਆਂ ਤੱਕ ਘੁੰਮਦਾ ਵੀ ਰਿਹਾ।
ਪਤਨੀ ਦੀ ਮਦਦ ਲਈ ਅੱਗੇ ਆਇਆ ਇਲਾਕਾ
ਜਾਅਲੀ ਪੱਤਰਕਾਰ ਦੇ ਘਰ ਰੇਡ ਹੋਣ ਤੋਂ ਬਾਅਦ ਪੁਲਸ ਉਸ ਨੂੰ ਪੁਲਸ ਸਟੇਸ਼ਨ ਲੈ ਆਈ, ਉਸ ਦੀ ਪਤਨੀ ਨੂੰ ਵੀ ਨਾਲ ਲਿਆਂਦਾ ਗਿਆ। ਇਸ ਗੱਲ ਦਾ ਪਤਾ ਲੱਗਣ ’ਤੇ ਪਤਨੀ ਦੀ ਮਦਦ ਲਈ ਇਲਾਕੇ ਦੇ ਲੋਕ ਪੁਲਸ ਸਟੇਸ਼ਨ ਪੁੱਜੇ ਅਤੇ ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਪਤਨੀ ਨਾਲ ਝਗਡ਼ਾ ਹੋਣ ਕਾਰਨ 6 ਮਹੀਨਿਆਂ ਤੋਂ ਮਾਪੇ ਘਰ ਰਹਿ ਸੀ। 1 ਦਿਨ ਪਹਿਲਾਂ ਹੀ ਉਹ ਸਹੁਰੇ ਘਰ ਵਾਪਸ ਆਈ ਹੈ। ਨਸ਼ਾ ਸਮੱਗਲਿੰਗ ਵਿਚ ਪਤਨੀ ਦੇ ਰੋਲ ਦੀ ਜਾਂਚ ਹੋਣ ਤੋਂ ਬਾਅਦ ਕੋਈ ਗੱਲ ਸਾਹਮਣੇ ਨਾ ਆਉਣ ’ਤੇ ਉਸ ਨੂੰ ਛੱਡ ਦਿੱਤਾ ਗਿਆ।