ਉੱਚੀ ਆਵਾਜ਼ ਵਾਲੇ ਪਟਾਕਿਆਂ ਨੂੰ ਬਣਾਉਣ, ਸਟੋਰ ਕਰਨ ਅਤੇ ਖਰੀਦਣ ਵੇਚਣ ਤੇ ਪਾਬੰਦੀ

10/19/2019 11:48:03 PM

ਮਾਨਸਾ, (ਮਿੱਤਲ)- ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਦੇ ਆਮ ਬਾਜ਼ਾਰਾਂ ਵਿਚ ਕਿਸੇ ਕਿਸਮ ਦੇ ਉੱਚੀ ਆਵਾਜ਼ ਵਾਲੇ ਪਟਾਕੇ, ਆਤਿਸ਼ਬਾਜ਼ੀ, ਜਿਨ੍ਹਾਂ ਵਿਚ ਬੰਬ ਅਤੇ ਮਿਜ਼ਾਇਲਾਂ ਆਦਿ ਸ਼ਾਮਲ ਹਨ ਨੂੰ ਬਣਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ ਤੇ ਪਾਬੰਦੀ ਲਗਾਈ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਹੈ। ਇਹ ਤਿਉਹਾਰ ਮਨਾਉਣ ਲਈ ਆਮ ਤੌਰ ਤੇ ਲੋਕਾਂ ਵੱਲੋਂ ਵੱਡੇ ਪਟਾਕਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਜਿਹੇ ਪਟਾਕਿਆਂ ਨਾਲ ਸ਼ੋਰ ਸ਼ਰਾਬਾ ਪੈਦਾ ਹੁੰਦਾ ਹੈ ਅਤੇ ਪ੍ਰਦੂਸ਼ਣ ਵੀ ਫੈਲਦਾ ਹੈ। ਪਿਛਲੇ ਸਮੇਂ ਦੌਰਾਨ ਇਸ ਤਿਉਹਾਰ ਤੇ ਪਟਾਕੇ ਆਦਿ ਚਲਾਉਣ ਸਮੇਂ ਘਟਨਾਵਾਂ ਵੀ ਹੋਈਆਂ ਹਨ। ਪਾਬੰਦੀ ਅਤੇ ਸਾਵਧਾਨੀ ਤੋਂ ਬਿਨਾਂ ਹੁਣ ਵੀ ਆਮ ਜਨ ਜੀਵਨ ਅਤੇ ਜਨ ਸੰਪਤੀ ਨੂੰ ਖਤਰਾ ਪੈਦਾ ਹੋ ਸਕਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮਾਨਸਾ ਅੰਦਰ ਛੋਟੇ ਪਟਾਕਿਆਂ ਨੂੰ ਵੇਚਣ ਲਈ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਮਾਨਸਾ ਸ਼ਹਿਰ ਵਿਖੇ ਖਾਲਸਾ ਸਕੂਲ ਗਰਾਊਂਡ ਮਾਨਸਾ, ਰਮਦਿੱਤਾ ਚੌਂਕ ਮਾਨਸਾ (ਰੈਡ ਕਰਾਸ ਦੀ ਜਗ੍ਹਾ), ਜੋਗ ਵਿਖੇ ਫੋਕਲ ਪੁਆਇੰਟ ਜੋਗਾ, ਭੀਖੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭੀਖੀ ਦੇ ਗਰਾਊਂਡ ਵਿਚ, ਬੁਢਡਾਲਾ ਵਿਖੇ ਰਾਮਲੀਲਾ ਗਰਾਊਂਡ, ਗੁਰੂ ਤੇਗ ਬਹਾਦਰ ਸਟੇਡੀਅਮ (ਆਈ.ਟੀ.ਆਈ.) ਬੁਢਲਾਡਾ, ਬਰੇਟਾ ਵਿਖੇ ਪਸ਼ੂ ਮੇਲਾ ਗਰਾਊਂਡ ਬਰੇਟਾ, ਸ੍ਰੀ ਕ੍ਰਿਸ਼ਨਾ ਗਊਸ਼ਾਲਾ ਬਰੇਟਾ, ਬੋਹਾ ਵਿਖੇ ਪੰਜਾਬ ਮਹਾਵੀਰ ਦਲ ਗਰਾਊਂਡ, ਬੋਹਾ। ਸਰਦੂਲਗੜ੍ਹ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਰਦੂਲਗੜ੍ਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫੱਤਾ ਮਾਲੋਕਾ। ਝੁਨੀਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਝੁਨੀਰ ਸ਼ਾਮਲ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਨਿਰਧਾਰਿਤ ਕੀਤੀਆਂ ਥਾਵਾਂ ਤੇ ਛੋਟੇ ਪਟਾਖੇ ਵੇਚਣ ਲਈ ਇਸ ਦਫ਼ਤਰ ਦੀ ਅਮਲਾ ਸ਼ਾਖਾ ਵੱਲੋਂ ਨਿਯਮਾਂ ਅਨੁਸਾਰ ਫੀਸ ਜਮ੍ਹਾਂ ਕਰਵਾ ਕੇ ਦੁਕਾਨਦਾਰਾਂ ਨੂੰ ਆਰਜੀ ਲਾਇਸੰਸ ਜਾਰੀ ਕੀਤੇ ਜਾਣਗੇ ਅਤੇ ਉਪਰੋਕਤ ਨਿਰਧਾਰਿਤ ਥਾਵਾਂ ਤੇ ਇਸ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਆਰਜੀ ਲਾਇਸੰਸ ਹੋਲਡਰਾਂ ਨੂੰ ਹੀ ਪਟਾਕੇ ਵੇਚਣ ਦੀ ਇਜਾਜ਼ਤ ਹੋਵੇਗੀ। ਉਪਰੋਕਤ ਨਿਰਧਾਰਤ ਕੀਤੀਆਂ ਥਾਵਾਂ ਤੋਂ ਇਲਾਵਾ ਹੋਰ ਥਾਵਾਂ ਤੇ ਪਟਾਕੇ ਵੇਚਣ ਤੇ ਪੂਰਨ ਮਨਾਹੀ ਹੋਵੇਗੀ।


Bharat Thapa

Content Editor

Related News