ਸੰਘ ਦੇ ਮੁਖੀ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ''ਤੇ ਪਾਬੰਦੀ ਲਾਈ ਜਾਏ : ਬਾਬਾ ਬਲਬੀਰ ਸਿੰਘ

10/11/2019 10:28:46 AM

ਪਟਿਆਲਾ (ਜੋਸਨ)—ਰਾਸ਼ਟਰੀ ਸਵੈ-ਸੇਵਕ ਸੰਘ ਦੇ ਹੈੱਡਕੁਆਰਟਰ ਨਾਗਪੁਰ ਵਿਖੇ ਇਕ ਸਮਾਗਮ ਦੌਰਾਨ ਸੰਘ ਦੇ ਮੁਖੀ ਮੋਹਨ ਭਾਗਵਤ ਵੱਲੋਂ ਕਹਿਣਾ ਕਿ ਭਾਰਤ ਇਕ ਹਿੰਦੂ ਰਾਸ਼ਟਰ ਹੈ ਅਤੇ ਉਸ ਵਿਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ, ਸਬੰਧੀ ਸਖਤ ਪ੍ਰਤੀਕਰਮ ਦਿੰਦਿਆਂ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਹੈ ਕਿ ਸੰਘ ਦੇ ਮੁਖੀ ਵੱਲੋਂ ਅਜਿਹੇ ਬਿਆਨ ਦੇਸ਼ ਦੇ ਅੰਦਰੂਨੀ ਢਾਂਚੇ ਵਿਚ ਘੱਟ-ਗਿਣਤੀਆਂ ਅਤੇ ਵਿਭਿੰਨਤਾ ਲਈ ਵੱਡਾ ਖਤਰਾ ਹਨ। ਇਹੋ ਜਿਹੀ ਬਿਆਨਬਾਜ਼ੀ 'ਤੇ ਪਾਬੰਦੀ ਲਾਈ ਜਾਏ।

ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਹਿੰਦੂ ਧਰਮ ਰਾਸ਼ਟਰ ਨਹੀਂ ਹੈ। ਭਾਰਤੀ ਸੰਵਿਧਾਨ ਦੀ ਅਸਲ ਭੂਮਿਕਾ ਹੀ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ-ਨਿਰਪੱਖ ਅਤੇ ਜਮਹੂਰੀ ਗਣਰਾਜ ਹੈ। ਇਸ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਧਰਮਾਂ, ਜਾਤਾਂ, ਬਰਾਦਰੀਆਂ ਅਤੇ ਲਿੰਗ ਦੇ ਭੇਤ-ਭਾਵ ਤੋਂ ਉੱਪਰ ਉੱਠ ਕੇ ਬਰਾਬਰਤਾ ਦੇ ਅਧਿਕਾਰ ਹਨ। ਭਾਰਤ ਨੂੰ ਕਿਸੇ ਇਕ ਵਿਸ਼ਵਾਸ ਜਾਂ ਸੱਭਿਆਚਾਰ ਨਾਲ ਜੋੜਿਆ ਨਹੀਂ ਜਾ ਸਕਦਾ। ਸੰਘ ਦੇ ਇਸ ਤਰ੍ਹਾਂ ਦੇ ਬਿਆਨ ਦੇਸ਼ ਦੇ ਵੱਡੇ ਕੱਦ ਨੂੰ ਬੌਣਾ ਕਰਨ ਵਾਲੇ ਹਨ। ਅਜਿਹੇ ਬਿਆਨ ਦੇਸ਼ ਅੰਦਰ ਨਵੇਂ-ਨਵੇਂ ਵਿਵਾਦ ਛੇੜਨਗੇ। ਦੇਸ਼ ਦੀ ਆਨ-ਸ਼ਾਨ ਨੂੰ ਵੀ ਧੱਕਾ ਲੱਗੇਗਾ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸੰਘ ਮੁਖੀ ਦੇ ਅਜਿਹੇ ਬੇਸਿਰੇ ਬਿਆਨ ਦੇਸ਼ ਦਾ ਕੁਝ ਸੰਵਾਰਨ ਦੀ ਬਜਾਏ ਇਸ ਦੀਆਂ ਮੂਲ ਪਰੰਪਰਾਵਾਂ ਦਾ ਮਜ਼ਾਕ ਉਡਾ ਰਹੇ ਹਨ। ਦੇਸ਼ ਦੀ ਤਰੱਕੀ ਅਤੇ ਅਗਲੀਆਂ ਸਦੀਆਂ ਵੱਲ ਉੱਠਦੇ ਕਦਮਾਂ ਨੂੰ ਵੀ ਜ਼ੰਜੀਰਾਂ ਪੁਆਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਨਾਂਹ-ਪੱਖੀ ਬਿਆਨ ਦੇਣ ਵਾਲੇ ਆਗੂਆਂ 'ਤੇ ਵੀ ਲਗਾਮ ਕੱਸਣੀ ਚਾਹੀਦੀ ਹੈ।


Shyna

Content Editor

Related News