ਬੀ. ਐੱਸ. ਐੱਨ. ਐੱਲ. ਮੁਲਾਜ਼ਮਾਂ ਨੇ ਮੋਦੀ ਸਰਕਾਰ ਖਿਲਾਫ ਕੱਢੀ ਰੋਸ ਰੈਲੀ

Thursday, Nov 15, 2018 - 07:22 AM (IST)

ਲੁਧਿਆਣਾ, (ਸਲੂਜਾ)- ਪੇ ਅਤੇ ਪੈਨਸ਼ਨ ਰਿਵੀਜ਼ਨ, 4 ਜੀ ਸਮੇਤ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਹੱਲ ਨਾ ਕਰਨ ਤੋਂ ਖਫਾ ਬੀ. ਐੱਸ. ਐੱਨ. ਐੱਲ. ਮੁਲਾਜ਼ਮਾਂ ਨੇ ਅੱਜ ਇਥੇ ਸਥਾਨਕ ਭਾਰਤ ਨਗਰ ਚੌਕ ਤੋਂ ਲੈ ਕੇ ਜਗਰਾਓਂ ਪੁਲ ਅਤੇ ਫੁਹਾਰਾ ਚੌਕ ਤੱਕ ਮੋਦੀ ਸਰਕਾਰ ਖਿਲਾਫ ਰੋਸ ਰੈਲੀ ਕੱਢ ਕੇ ਨਾਅਰੇਬਾਜ਼ੀ ਕੀਤੀ।
 ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਜ਼ਿਲਾ ਸਕੱਤਰ ਕਾਮਰੇਡ ਅਵਤਾਰ ਸਿੰਘ ਝਾਂਡੇ ਅਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਬੀ. ਐੱਸ. ਐੱਨ. ਐੱਲ. ਨੂੰ ਆਰਥਿਕ ਤੌਰ ’ਤੇ ਸੰਕਟ ਵਿਚ ਪਾਉਣ ਲਈ ਸਰਕਾਰ ਦੇ ਹੀ ਮੰਤਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਜਦਕਿ ਅੱਜ ਤੱਕ  ਬੀ. ਐੱਸ. ਐੱਨ. ਐੱਲ. ਨੂੰ ਵਿੱਤੀ ਘਾਟੇ ਦੇ ਲਈ ਜ਼ਿੰਮੇਵਾਰ ਮੁਲਾਜ਼ਮਾਂ ਨੂੰ ਠਹਿਰਾਇਆ ਜਾ ਰਿਹਾ ਹੈ। ਮੁਲਾਜ਼ਮ ਯੂਨੀਅਨਾਂ ਇਹ ਮੰਗ ਕਰਦੀਆਂ ਆ ਰਹੀਆਂ ਹਨ ਕਿ 4ਜੀ ਨੂੰ ਲਾਂਚ ਕੀਤਾ ਜਾਵੇ ਤਾਂ ਕਿ ਦੂਜੀਆਂ ਟੈਲੀਫੋਨ ਕੰਪਨੀਆਂ ਦਾ ਮੁਕਾਬਲਾ ਕੀਤਾ ਜਾ ਸਕੇ ਪਰ ਟਾਲ ਮਟੋਲ ਦੀ ਨੀਤੀ ਵਰਤ ਕੇ ਵਿਭਾਗ ਅਤੇ ਮੁਲਾਜ਼ਮਾਂ ਦੇ ਹਿੱਤਾਂ  ਨਾਲ ਖਿਲਵਾਡ਼ ਕੀਤਾ ਜਾ ਰਿਹਾ ਹੈ। 
ਉਨ੍ਹਾਂ ਨੇ ਕਿਹਾ ਕਿ ਸਰਕਾਰ ਬੀ. ਐੱਸ. ਐੱਨ. ਐੱਲ. ਦਾ ਪੂਰਨ ਤੌਰ ’ਤੇ ਨਿਜੀਕਰਨ ਕਰਨ ’ਤੇ ਤੁਲੀ ਹੋਈ ਹੈ ਪਰ ਮੁਲਾਜ਼ਮ ਇਸ ਤਰ੍ਹਾਂ ਨਹੀਂ ਹੋਣ ਦੇਣਗੇ। ਇਸ ਦੇ ਲਈ ਕੋਈ ਵੀ ਕੁਰਬਾਨੀ ਦੇਣੀ ਪਈ ਤਾਂ ਪਿੱਛੇ ਨਹੀਂ ਹਟਣਗੇ। ਮੁਲਾਜ਼ਮ ਨੇਤਾਵਾਂ ਕੰਵਲਜੀਤ ਸਿੰਘ ਸੰਕਰ, ਸਿਕੰਦਰ ਸਿੰਘ, ਜਸਪ੍ਰੀਤ ਸਿੰਘ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਫਿਰ ਅਣਮਿਥੇ ਸਮੇਂ ਦੀ ਹਡ਼ਤਾਲ ’ਤੇ ਜਾਣ ਦਾ ਵੀ ਵਿਚਾਰ ਕੀਤਾ ਜਾਵੇਗਾ। 


Related News