ਚੋਣਾਂ ਖ਼ਤਮ ਹੁੰਦਿਆਂ ਹੀ ਚੋਰਾਂ ਨੇ ਫਿਰ ਅੱਤ ਮਚਾਉਣੀ ਕੀਤੀ ਸ਼ੁਰੂ,  12 ਟਰੈਕਟਰਾਂ ਦੀਆਂ ਬੈਟਰੀਆਂ ਚੋਰੀ

02/23/2022 10:43:48 AM

ਫਿਰੋਜ਼ਪੁਰ (ਮਲਹੋਤਰਾ): ਕਰੀਬ ਇਕ ਮਹੀਨੇ ਤੱਕ ਚੱਲੀ ਚੋਣਾਂ ਦੀ ਭੱਜਦੌੜ ਤੋਂ ਬਾਅਦ ਪੁਲਸ ਵੱਲੋਂ ਨਾਕੇ ਹਟਾਉਂਦਿਆਂ ਹੀ ਚੋਰਾਂ ਨੇ ਆਪਣੀ ਅੱਤ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਅਣਪਛਾਤੇ ਚੋਰਾਂ ਨੇ ਗੁਰੂ ਨਗਰ ਦੇ ਬਾਹਰ ਸਥਿਤ ਸ਼ਟਰਿੰਗ ਸਟੋਰ ਦੇ ਗੁਦਾਮ ਵਿਚ ਖੜੇ 12 ਟਰੈਕਟਰਾਂ ਦੀਆਂ ਬੈਟਰੀਆਂ ਕੱਢ ਕੇ ਚੋਰੀ ਕਰ ਲਈਆਂ। ਥਾਣਾ ਸਿਟੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗੌਰਵ ਕੁਮਾਰ, ਅਰੁਣ ਸ਼ਰਮਾ, ਨਰੇਸ਼ ਕੁਮਾਰ, ਲਵਪ੍ਰੀਤ ਸਿੰਘ, ਵਿਸ਼ਵਾਸ ਗੱਖੜ ਨੇ ਦੱਸਿਆ ਕਿ ਉਨਾਂ ਦੀਆਂ ਕੱਚਾ ਜ਼ੀਰਾ ਰੋਡ ’ਤੇ ਬਜਰੀ, ਗਟਕਾ ਅਤੇ ਕਾਲੀ ਰੇਤ ਦੀਆਂ ਟਰੇਡਿੰਗ ਦੀਆਂ ਦੁਕਾਨਾਂ ਹਨ ਜਿੱਥੇ ਸਾਰਾ ਦਿਨ ਟਰੈਕਟਰਾਂ ਰਾਹੀਂ ਮਾਲ ਦੀ ਲੋਡਿੰਗ ਹੁੰਦੀ ਹੈ। ਰਾਤ ਦੇ ਸਮੇਂ ਉਕਤ ਸਾਰੇ ਦੁਕਾਨਦਾਰ ਆਪਣੇ ਟਰੈਕਟਰ ਦਸ਼ਮੇਸ਼ ਸ਼ਟਰਿੰਗ ਸਟੋਰ ਦੇ ਗੁਦਾਮ ਵਿਚ ਖੜੇ ਕਰ ਦਿੰਦੇ ਹਨ ਅਤੇ ਗੇਟ ਨੂੰ ਤਾਲਾ ਲੱਗਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਸਵੇਰੇ ਜਦ ਉਹ ਦੁਕਾਨਾਂ ’ਤੇ ਪਹੁੰਚੇ ਤਾਂ ਦੇਖਿਆ ਕਿ ਗੁਦਾਮ ਵਿਚ ਖੜੇ ਗੌਰਵ ਟਰੇਡਿੰਗ ਕੰਪਨੀ ਦੇ ਟਰੈਕਟਰਾਂ ਵਿਚੋਂ 3 ਬੈਟਰੀਆਂ, ਅਰੁਣ ਸ਼ਰਮਾ, ਨਰੇਸ਼ ਕੁਮਾਰ, ਲਵਪ੍ਰੀਤ ਸਿੰਘ ਅਤੇ ਗੱਖੜ ਟਰੇਡਿੰਗ ਕੰਪਨੀ ਦੇ 2-2 ਟਰੈਕਟਰਾਂ ਵਿਚੋਂ ਬੈਟਰੀਆਂ ਗਾਇਬ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਵਿਛਣ ਲੱਗੀ 'ਸਿਆਸੀ ਬਿਸਾਤ', ਤਿਕੋਣੀ ਵਿਧਾਨ ਸਭਾ ਬਣੀ ਤਾਂ ਹੋਣਗੇ ਇਹ ਬਦਲ

ਉਨ੍ਹਾਂ ਦੱਸਿਆ ਕਿ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਨਜ਼ਰ ਆਇਆ ਹੈ ਕਿ ਤਿੰਨ ਅਣਪਛਾਤੇ ਚੋਰ ਕੰਧ ਟੱਪ ਕੇ ਗੁਦਾਮ ਦੇ ਅੰਦਰ ਵੜੇ ਅਤੇ ਉਕਤ ਟਰੈਕਟਰਾਂ ਵਿਚੋਂ ਬੈਟਰੀਆਂ ਕੱਢਣ ਤੋਂ ਬਾਅਦ ਬਾਹਰ ਖੜੇ ਆਪਣੇ ਮੋਟਰਸਾਈਕਲਾਂ ’ਤੇ ਰੱਖ ਕੇ ਫਰਾਰ ਹੋ ਗਏ। ਬੈਟਰੀਆਂ ਚੋਰੀ ਹੋਣ ਕਾਰਨ ਜਿੱਥੇ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਹੈ ਉੱਥੇ ਸਾਰਿਆਂ ਦਾ ਕੰਮਕਾਜ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਦੁਕਾਨਦਾਰਾਂ ਨੇ ਪੁਲਸ ਨੂੰ ਸ਼ਿਕਾਇਤ ਦੇ ਉਕਤ ਚੋਰਾਂ ਦਾ ਪਤਾ ਲਗਾਉਣ ਅਤੇ ਚੋਰੀ ਹੋਈਆਂ ਬੈਟਰੀਆਂ ਬਰਾਮਦ ਕਰਵਾਉਣ ਦੀ ਮੰਗ ਕੀਤੀ ਹੈ। ਦੁਕਾਨਦਾਰਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਜੇਕਰ ਤਾਲਾ ਲੱਗੇ ਗੁਦਾਮਾਂ ਵਿਚ ਵੀ ਚੋਰ ਬਿਨਾਂ ਕਿਸੇ ਡਰ ਵੜ ਕੇ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤਾਂ ਇਸ ਤੋਂ ਵੱਧ ਅਸੁਰੱਖਿਅਤ ਮਾਹੌਲ ਹੋਰ ਕੀ ਹੋ ਸਕਦਾ ਹੈ?

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News