ਅਰਵਿੰਦ ਕੇਜਰੀਵਾਲ ਦੀਆਂ ਗਾਰੰਟੀਆਂ ਸੱਚਾਈ ਤੋਂ ਕੋਹਾਂ ਦੂਰ : ਵਿਨਰਜੀਤ ਗੋਲਡੀ

03/26/2022 10:07:30 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਵੱਡੇ ਦੋਸ਼ ਲਾਉਂਦਿਆਂ ਉਨ੍ਹਾਂ ਤੋਂ ਜਵਾਬ ਮੰਗਿਆ ਹੈ ਕਿ ਜਿਹੜੀਆਂ ਗਾਰੰਟੀਆਂ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਹਨ, ਉਹ ਮਹਿਜ਼ ਵੋਟ ਬਟੋਰੂ ਹਨ, ਜਿਨ੍ਹਾਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਹੈ।  ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ  ਵਿਨਰਜੀਤ ਸਿੰਘ ਗੋਲਡੀ ਨੇ ਸੰਗਰੂਰ ਦੇ ਨਿੱਜੀ ਹੋਟਲ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਪੰਜਾਬ ਦਾ ਬਜਟ 1 ਲੱਖ 70,000 ਕਰੋੜ ਰੁਪਏ ਬਣਦਾ ਹੈ, ਜਿਸ ਵਿੱਚੋਂ 20 ਫੀਸਦੀ ਭ੍ਰਿਸ਼ਟਾਚਾਰ ਵਿੱਚ ਜਾਂਦਾ ਹੈ। ਇਸ ਵੀਡੀਓ ’ਚ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ’ਚ ਰੇਤਾ ਬੱਜਰੀ ਦਾ ਕਾਰੋਬਾਰ 20 ਹਜ਼ਾਰ ਕਰੋੜ ਰੁਪਏ ਸਾਲਾਨਾ ਹੈ। ਗੋਲਡੀ ਨੇ ਕਿਹਾ ਕਿ ਕੇਜਰੀਵਾਲ ਦੇ ਇਸ ਬਿਆਨ ’ਚੋਂ ਦੋ ਗੱਲਾਂ ਉਭਰ ਕੇ ਸਾਹਮਣੇ ਆਉਂਦੀਆਂ ਹਨ ਕਿ ਪੰਜਾਬ ’ਚ ਕੰਮ ਕਰਦੇ ਲੱਖਾਂ ਮੁਲਾਜ਼ਮਾਂ ਨੂੰ ਭ੍ਰਿਸ਼ਟਾਚਾਰ ’ਚ ਲਿਪਤ ਦੱਸਿਆ ਹੈ, ਦੂਜਾ ਇਕ ਆਈ.ਆਰ.ਐੱਸ. ਹੋਣ ਦੇ ਨਾਤੇ ਉਨ੍ਹਾਂ ਨੇ ਪੰਜਾਬ ਦੇ ਭੋਲੇ ਭਾਲ਼ੇ ਲੋਕਾਂ ਨੂੰ ਸ਼ਰੇਆਮ ਗੁੰਮਰਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਬਜਟ ਦੇ ਹਿਸਾਬ ਨਾਲ ਤਕਰੀਬਨ 95000 ਕਰੋੜ ਪੰਜਾਬ ਦੀ ਆਮਦਨ ਗਿਣੀ ਜਾਂਦੀ ਹੈ ਤੇ ਜਿਸ ’ਚ ਪਿਛਲੇ ਵਰ੍ਹੇ 28000 ਕਰੋੜ ਦੇ ਕਰੀਬ ਘੱਟ ਆਇਆ ਹੈ।

ਇਹ ਵੀ ਪੜ੍ਹੋ : PML-N ਦੀ ਨੇਤਾ ਮਰੀਅਮ ਨੇ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ 'ਤੇ ਲਾਏ ਇਹ ਦੋਸ਼

ਗੋਲਡੀ ਨੇ ਕੇਜਰੀਵਾਲ ਵੱਲੋਂ ਪੇਸ਼ ਅੰਕੜਿਆਂ ਦੇ ਜਵਾਬ ’ਚ ਕਿਹਾ ਕਿ ਜੇਕਰ ਦੇਖਿਆ ਜਾਵੇ ਤਾਂ ਪੰਜਾਬ ’ਚ ਤਕਰੀਬਨ 1 ਲੱਖ ਕਰੋੜ ਰੁਪਏ ਦੇ ਸਥਾਈ ਖਰਚੇ ਹਨ, ਜਿਸ ’ਚ 27 ਹਜ਼ਾਰ ਕਰੋੜ ਮੁਲਾਜ਼ਮਾਂ ਦੀਆਂ ਤਨਖਾਹਾਂ, 11 ਹਜ਼ਾਰ ਕਰੋੜ ਤੋਂ ਜ਼ਿਆਦਾ ਪੈਨਸ਼ਨਾਂ ਦਾ ਖਰਚਾ ਹੈ। ਇਸ ਤੋਂ ਇਲਾਵਾ 20,316 ਕਰੋੜ ਰੁਪਏ ਪੰਜਾਬ ਸਿਰ ਚੜ੍ਹੇ ਕਰਜ਼ੇ ਦਾ ਵਿਆਜ ਹੈ, ਜਿਹੜਾ ਹਰ ਸਾਲ ਦੇਣਾ ਪੈਂਦਾ ਹੈ। ਇਸ ਤੋਂ ਇਲਾਵਾ 12 ਹਜ਼ਾਰ ਕਰੋੜ ਰੁਪਏ ਖੇਤੀ ਸਬਸਿਡੀ ਦਾ ਖਰਚਾ ਹੈ। ਇਸ ਤੋਂ ਅੱਗੇ ਤਕਰੀਬਨ 7 ਹਜ਼ਾਰ ਕਰੋੜ ਰੁਪਏ ਜ਼ਿਲ੍ਹਾ ਪੁਲਸ ਤੇ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਲਈ ਰੱਖਿਆ ਜਾਂਦਾ ਹੈ। ਇਥੇ ਹੀ ਨਹੀਂ, 4 ਹਜ਼ਾਰ ਕਰੋੜ ਰੁਪਏ ਵਿਧਵਾ, ਬੁਢਾਪਾ ਤੇ ਅੰਗਹੀਣ ਪੈਨਸ਼ਨਾਂ ਲਈ ਜਾਂਦਾ ਹੈ। ਇਸ ਤੋਂ ਇਲਾਵਾ 4 ਹਜ਼ਾਰ ਕਰੋੜ ਦੇ ਲਗਭਗ ਹਰ ਸਾਲ ਸਿਹਤ ਸਹੂਲਤਾਂ ਲਈ ਰੱਖਿਆ ਜਾਂਦਾ ਹੈ। ਗੋਲਡੀ ਨੇ ਕਿਹਾ ਕਿ ਕੇਜਰੀਵਾਲ ਦੱਸਣ ਕਿ ਉਹ ਪੰਜਾਬ ਦੇ ਇੰਨੇ ਵੱਡੇ ਬੱਜਟ ’ਚ ਆਪਣੀਆਂ ਗਾਰੰਟੀਆਂ ਕਿਵੇਂ ਪੂਰੀਆਂ ਕਰਨਗੇ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਐਲਾਨ ਕੀਤਾ ਕਿ ਪੰਜਾਬ ਦੀਆਂ ਔਰਤਾਂ ਨੂੰ ਹਰ ਮਹੀਨੇ 1 ਹਜ਼ਾਰ ਰੁਪਏ ਪ੍ਰਤੀ ਔਰਤ ਦਿੱਤਾ ਜਾਵੇਗਾ, ਜਿਸ ਲਈ ਸਿੱਧਾ 10 ਹਜ਼ਾਰ ਕਰੋੜ ਰੁਪਏ ਦਾ ਵਾਧੂ ਬੋਝ ਪੰਜਾਬ ’ਤੇ ਪਵੇਗਾ, ਉਹ ਕਿੱਥੋਂ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ 3 ਹਜ਼ਾਰ ਕਰੋੜ ਰੁਪਏ ਬਿਜਲੀ ਮੁਆਫ਼ੀ ਲਈ ਪੰਜਾਬ ਸਿਰ ਵਾਧੂ ਬੋਝ ਵਧੇਗਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸਿਰਫ਼ 67 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹਰ ਸਾਲ ਸਕਿਓਰਿਟੀ ਦੇ ਕੇ ਲਿਆ ਜਾਂਦਾ ਹੈ ਅਤੇ ਵੱਖਰਾ ਹੁਣ ਤੱਕ ਪੌਣੇ ਤਿੰਨ ਲੱਖ ਕਰੋੜ ਦੇ ਕਰੀਬ ਦਾ ਕਰਜ਼ਾ ਪੰਜਾਬ ਸਿਰ ਹੋ ਚੁੱਕਿਆ ਹੈ। ਪੰਜਾਬ ਦੇ ਮੌਜੂਦਾ ਹਾਲਾਤ ਨੂੰ ਵੇਖ ਕੇ ਲੱਗਦਾ ਹੈ ਕਿ ਕੇਜਰੀਵਾਲ ਦੀਆਂ ਗਾਰੰਟੀਆਂ ਨਿਰਾ ਝੂਠ ਦਾ ਪੁਲੰਦਾ ਹੈ, ਅਜਿਹੇ ਹਾਲਾਤ ’ਚ ਸਿਰਫ਼ ਪੰਜਾਬ ਦੇ ਲੋਕਾਂ ਨੂੰ ਭਰਮਾਇਆ ਹੀ ਜਾ ਸਕਦਾ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ PM ਖਾਨ ਨੂੰ ਬਜਟ ਤੋਂ ਬਾਅਦ ਚੋਣਾਂ ਕਰਵਾਉਣ ਦੀ ਦਿੱਤੀ ਸਲਾਹ

 ਗੋਲਡੀ ਨੇ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਿੱਧੇ ਸਵਾਲ ਕੀਤੇ ਹਨ ਕਿ ਉਨ੍ਹਾਂ ਨੂੰ ਕਿਹੜੀਆਂ ਥਾਵਾਂ ’ਤੇ ਭ੍ਰਿਸ਼ਟਾਚਾਰ ਨਜ਼ਰ ਆਉਂਦਾ ਹੈ? ਇਹ ਦੱਸਿਆ ਜਾਵੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਪੇਸ਼ ਕੀਤੇ ਅੰਕੜੇ ਤੱਥਾਂ ਤੋਂ ਕੋਹਾਂ ਦੂਰ ਹਨ ਤੇ ਅਜਿਹੇ ਅੰਕੜਿਆਂ ਨੂੰ ਸਿਰਫ਼ ਗੁੰਮਰਾਹਕੁਨ ਹੀ ਕਿਹਾ ਜਾ ਸਕਦਾ ਹੈ। ਗੋਲਡੀ ਨੇ ਕੇਜਰੀਵਾਲ ਦੇ ਰੇਤੇ ਬੱਜਰੀ ਦੇ 20 ਹਜ਼ਾਰ ਕਰੋੜ ਦੇ ਕਾਰੋਬਾਰ ਦੀ ਫੂਕ ਕੱਢਦਿਆਂ ਵੀ ਕਿਹਾ ਕਿ ਇਸ ਨੂੰ ਲੈ ਕੇ ਕਈ ਵੱਡੇ ਵੱਡੇ ਅਦਾਰਿਆਂ ਵੱਲੋਂ ਸਰਵੇ ਕੀਤੇ ਜਾ ਚੁੱਕੇ ਹਨ ਕਿ ਪੰਜਾਬ ’ਚ ਮਹਿਜ਼ 3 ਹਜ਼ਾਰ ਕਰੋੜ ਰੁਪਏ ਦਾ ਰੇਤੇ ਬੱਜਰੀ ਦਾ ਕਾਰੋਬਾਰ ਹੁੰਦਾ ਹੈ, ਇਥੋਂ ਤੱਕ ਕਿ ਗੁਆਂਢੀ ਸੂਬੇ ਹਰਿਆਣਾ ’ਚ ਵੀ ਮਹਿਜ਼ 1 ਸਾਲ ਵਿੱਚ 1 ਹਜ਼ਾਰ ਕਰੋੜ ਰੁਪਏ ਰੇਤੇ ਬਜਰੀ ਤੋਂ ਕਮਾਏ ਜਾਂਦੇ ਹਨ। ਗੋਲਡੀ ਨੇ ਕਿਹਾ ਕਿ ਜੇਕਰ ਕੇਜਰੀਵਾਲ ਦੀ ਗੱਲ ਨੂੰ ਮੰਨ ਲਿਆ ਜਾਵੇ ਕਿ ਇਕ ਟਰੱਕ 20000 ਰੁਪਏ ਦਾ ਆਉਂਦਾ ਹੈ ਤਾਂ ਪੰਜਾਬ ’ਚ ਹਰ ਸਾਲ 1 ਕਰੋੜ ਟਰੱਕ ਰੇਤੇ ਬੱਜਰੀ ਦਾ ਧੰਦਾ ਕਰੇਗਾ ਅਤੇ ਹਰ ਮਹੀਨੇ ਸਵਾ ਅੱਠ ਲੱਖ ਟਰੱਕ ਹੋਣਗੇ ਅਤੇ ਪ੍ਰਤੀ ਦਿਨ 28 ਹਜ਼ਾਰ ਟਰੱਕ ਰੇਤੇ ਬੱਜਰੀ ਦੀ ਢੋਆ ਢੁਆਈ ਕਰਦਾ ਹੈ, ਟਰਾਂਸਪੋਰਟ ਬਾਰੇ ਜਾਣਕਾਰੀ ਰੱਖਣ ਵਾਲੇ ਜਾਣਦੇ ਹਨ ਕਿ ਇਕ ਦਿਨ ’ਚ ਏਨਾ ਟਰੱਕ ਨਿੱਕਲਣਾ ਸੰਭਵ ਹੈ? ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ ਕੋਈ ਸੱਚਾਈ ਨਹੀਂ, ਸਿਰਫ਼ ਲੋਕ ਭਰਮਾਊ ਗੱਲਾਂ ਹੀ ਹਨ।ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ (ਸ਼ਹਿਰੀ) ਦੇ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਯੂਥ ਅਕਾਲੀ ਦਲ ਦੇ ਹਨੀ ਮਾਨ, ਸ਼੍ਰੋਮਣੀ ਅਕਾਲੀ ਦਲ ਜ਼ਿਲਾ ਲੀਗਲ ਸੈੱਲ ਸੰਗਰੂਰ ਦੇ ਸਲਾਹਕਾਰ ਐਡਵੋਕੇਟ ਸੁਖਬੀਰ ਸਿੰਘ ਪੂਨੀਆ, ਇਸਤਰੀ ਅਕਾਲੀ ਦਲ ਦੀ ਆਗੂ ਬੀਬੀ ਪਰਮਜੀਤ ਕੌਰ ਵਿਰਕ, ਨਰੇਸ਼ ਕੁਮਾਰ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

ਇਹ ਵੀ ਪੜ੍ਹੋ : ਠੱਪ ਹੋਇਆ ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਟਰੈਕ, ਸ਼ਤਾਬਦੀ ਸਮੇਤ ਕਈ ਟਰੇਨਾਂ ਹੋਈਆਂ ਪ੍ਰਭਾਵਿਤ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News