ਵਿਜੀਲੈਂਸ ਵਲੋਂ ਜੇ. ਆਰ. ਪ੍ਰਿੰਟਰਜ਼ ਸੰਗਰੂਰ ਦਾ ਹਿੱਸੇਦਾਰ ਗ੍ਰਿਫ਼ਤਾਰ

Saturday, Sep 22, 2018 - 04:54 AM (IST)

ਵਿਜੀਲੈਂਸ ਵਲੋਂ ਜੇ. ਆਰ. ਪ੍ਰਿੰਟਰਜ਼ ਸੰਗਰੂਰ ਦਾ ਹਿੱਸੇਦਾਰ ਗ੍ਰਿਫ਼ਤਾਰ

ਮੋਹਾਲੀ, (ਕੁਲਦੀਪ)- ਬਲਾਕ ਸੰਮਤੀ ਖਰੜ ਵਿਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਲੱਖਾਂ ਰੁਪਏ ਦੇ ਸਟੇਸ਼ਨਰੀ ਘਪਲੇ ਸਬੰਧੀ ਵਿਜੀਲੈਂਸ ਵਲੋਂ ਦਰਜ ਕੀਤੇ ਗਏ ਕੇਸ ਵਿਚ ਸੰਗਰੂਰ ਦੀ ਫਰਮ ਜੇ. ਆਰ. ਪ੍ਰਿੰਟਰਜ਼ ਦੇ ਹਿੱਸੇਦਾਰ ਰਾਜਿੰਦਰਪਾਲ ਮਿੱਤਲ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਵਿਜੀਲੈਂਸ ਦੇ ਇੰਸਪੈਕਟਰ ਇੰਦਰਪਾਲ ਸਿੰਘ ਵਲੋਂ ਅੱਜ ਉਸ ਨੂੰ ਮੋਹਾਲੀ ਵਿਖੇ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਦੌਰਾਨ ਮੁਲਜ਼ਮ ਨੂੰ ਦੋ ਦਿਨਾ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।ਦੱਸਣਯੋਗ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ  ਦੇ ਕਾਰਜਕਾਲ ਦੌਰਾਨ ਬਲਾਕ ਸੰਮਤੀ ਖਰੜ ਵਿਚ ਸਟੇਸ਼ਨਰੀ ਦੀ ਸਪਲਾਈ ਤੇ ਉਸ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਪਿੰਡਾਂ ਵਿਚ ਫਲੈਕਸ ਬੋਰਡ ਆਦਿ ਲਵਾਉਣ ਦੇ ਨਾਂ ’ਤੇ 47 ਲੱਖ ਰੁਪਏ  ਦਾ ਘਪਲਾ ਸਾਹਮਣੇ ਆਇਆ ਸੀ। ਵਿਜੀਲੈਂਸ ਵਲੋਂ  ਬਲਾਕ ਸੰਮਤੀ ਚੇਅਰਮੈਨ ਰੇਸ਼ਮ ਸਿੰਘ, ਉਸ ਸਮੇਂ ਦੇ ਬੀ. ਡੀ. ਪੀ. ਓ. ਖਰੜ ਜਤਿੰਦਰ ਸਿੰਘ ਢਿੱਲੋਂ, ਪ੍ਰਾਈਵੇਟ ਫਰਮ ਜੇ. ਆਰ. ਪ੍ਰਿੰਟਰਜ਼ ਦੇ ਮਾਲਕਾਂ ਪੁਨੀਤ ਮਿੱਤਲ, ਰਾਜਿੰਦਰਪਾਲ ਮਿੱਤਲ ਤੇ ਜੀਤਪਾਲ ਮਿੱਤਲ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਚੇਅਰਮੈਨ ਰੇਸ਼ਮ ਸਿੰਘ  ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਿਸ ਨੂੰ ਬਾਅਦ ਵਿਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵਿਜੀਲੈਂਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।


Related News