ਰਾਮਪੁਰ ਤੋਂ ਫੋਨ ਕਰ ਕੇ ਪਿਤਾ ਨੇ ਜਾਣਨਾ ਚਾਹਿਆ ਬੇਟੇ ਦਾ ਹਾਲ, ਨਹੀਂ ਦੱਸਿਆ ਕਿ ਐੱਨ. ਆਈ. ਏ. ਲੈ ਗਈ ਹੈ ਨਾਲ
Saturday, Jan 19, 2019 - 05:36 AM (IST)
ਲੁਧਿਆਣਾ, (ਰਿਸ਼ੀ)- ਰਾਹੋਂ ਰੋਡ ’ਤੇ ਮਿਹਰਬਾਨ ਚੁੰਗੀ ਦੇ ਨੇਡ਼ੇ ਵਰਧਮਾਨ ਨਗਰ ’ਚ ਬਣੀ ਮਦਨੀ ਮਸਜਿਦ ਤੋਂ ਐੱਨ. ਆਈ. ਏ. ਵਲੋਂ ਸ਼ੱਕ ਦੇ ਅਾਧਾਰ ’ਤੇ ਹਿਰਾਸਤ ’ਚ ਲਏ ਮੌਲਵੀ ਮੁਹੰਮਦ ਓਵੇਸ਼ ਪਾਸ਼ਾ (22) ਦੇ ਕੇਸ ਵਿਚ ਮਸਜਿਦ ਵਿਚ ਮੌਜੂਦ ਬੱਚੇ ਆਪਣੇ ਅਧਿਆਪਕ ਤੇ ਹੋਰ ਅਧਿਆਪਕ ਆਪਣੇ ਸਾਥੀ ਦੇ ਵਾਪਸ ਆਉਣ ਦੀ ਰਾਹ ਦੇਖ ਰਹੇ ਹਨ। ਉਨ੍ਹਾਂ ਨੂੰ ਯਕੀਨ ਹੈ ਕਿ ਪਾਸ਼ਾ ਨੂੰ ਪੁਲਸ ਜਲਦ ਵਾਪਸ ਭੇਜ ਦੇਵੇਗੀ। ਜਾਣਕਾਰੀ ਦਿੰਦੇ ਹੋਏ ਮਸਜਿਦ ਦੇ ਚੇਅਰਮੈਨ ਸਿਕੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪਾਸ਼ਾ ਦੇ ਪਿਤਾ ਦਾ ਰਾਮਪੁਰ ਤੋਂ ਫੋਨ ਆਇਆ ਸੀ ਤੇ ਆਪਣੇ ਬੇਟੇ ਦਾ ਹਾਲ ਪੁੱਛ ਰਹੇ ਸਨ ਪਰ ਉਨ੍ਹਾਂ ਨੇ ਨਹੀਂ ਦੱਸਿਆ ਕਿ ਐੱਨ. ਆਈ. ਏ. ਉਸ ਨੂੰ ਆਪਣੇ ਨਾਲ ਲੈ ਗਈ ਹੈ। ਪਾਸ਼ਾ ਨੂੰ ਮਸਜਿਦ ਦੇ ਮਦਰੱਸੇ ’ਚ ਪਡ਼੍ਹਾਉਣ ਲਈ 9 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਸੀ। ਉਹ ਆਪਣੇ 4 ਭਰਾਵਾਂ ਤੇ ਭੈਣਾਂ ’ਚੋਂ ਸਭ ਤੋਂ ਵੱਡਾ ਹੈ ਅਤੇ ਉਸੇ ਦੇ ਸਹਾਰੇ ਘਰ ਦਾ ਖਰਚਾ ਚੱਲਦਾ ਸੀ। ਤਲਾਸ਼ੀ ਦੌਰਾਨ ਪੁਲਸ ਨੂੰ ਪਾਸ਼ਾ ਦੇ ਕੋਲੋਂ 11 ਹਜ਼ਾਰ 335 ਰੁਪਏ ਬਰਾਮਦ ਹੋਏ ਸਨ ਜੋ ਉਨ੍ਹਾਂ ਨੇ ਮਸਜਿਦ ਕਮੇਟੀ ਦੇ ਹਵਾਲੇ ਕਰ ਦਿੱਤੇ।
2 ਦਿਨਾਂ ਤੋਂ ਨਹੀਂ ਪਡ਼੍ਹ ਰਹੇ ਬੱਚੇ ਤੇ ਨਾ ਹੀ ਖਾਧਾ ਖਾਣਾ
ਪ੍ਰਬੰਧਕਾਂ ਦੇ ਮੁਤਾਬਕ ਮਦਰੱਸੇ ’ਚ 2 ਦਿਨਾਂ ਤੋਂ ਬੱਚਿਆਂ ਦੀਆਂ ਕਲਾਸਾਂ ਨਹੀਂ ਲੱਗੀਆਂ ਤੇ ਮਸਜਿਦ ਦੇ ਕੁੱਕ ਸ਼ਾਮੀਨ ਨੇ ਦੱਸਿਆ ਕਿ ਬੱਚੇ ਕੱਲ ਤੋਂ ਖਾਣਾ ਵੀ ਨਹੀਂ ਖਾ ਰਹੇ ਹਨ। ਵੀਰਵਾਰ ਸਵੇਰ ਨੂੰ ਜੋ ਖਾਣਾ ਤਿਆਰ ਕੀਤਾ ਸੀ, ਉਹ ਵੀ ਹੁਣ ਤੱਕ ਪਿਆ ਹੈ। ਬੱਚਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਅਧਿਆਪਕ ’ਤੇ ਪੂਰਾ ਭਰੋਸਾ ਹੈ, ਉਹ ਗਲਤ ਕੰਮ ਨਹੀਂ ਕਰ ਸਕਦੇ।
ਆਪਣੇ ਗੁਰੂ ਦੇ ਫੋਨ ’ਤੇ ਕੀਤੀ ਗੱਲ ਤਾਂ ਹੀ ਆਇਆ ਰਾਡਾਰ ’ਤੇ
ਸੂਤਰਾਂ ਦੇ ਮੁਤਾਬਕ ਐੱਨ. ਆਈ. ਏ. ਨੇ ਸਭ ਤੋਂ ਪਹਿਲਾਂ ਆਈ. ਐੱਸ. ਮਡਿਊਲ ਦੇ ਮਾਸਟਰ ਮਾਈਂਡ ਨੂੰ ਦਬੋਚਿਆ ਸੀ, ਉਹ ਪਾਸ਼ਾ ਦਾ ਗੁਰੂ ਹੈ। ਪਾਸ਼ਾ ਨੇ ਸਾਰੀ ਪਡ਼੍ਹਾਈ ਉਸੇ ਤੋਂ ਕੀਤੀ ਹੈ। ਗੁਰੂ ਦੇ ਫਡ਼ੇ ਜਾਣ ਤੋਂ ਬਾਅਦ ਉਸੇ ਦੇ ਨੰਬਰ ’ਤੇ ਫੋਨ ਕੀਤੇ ਸਨ ਪਰ ਇਸ ਗੱਲ ਦੀ ਕਿਸੇ ਨੇ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਹੈ।
ਖੁਦ ਕੈਮਰੇ ’ਚ ਪੁਲਸ ਨੂੰ ਦੇਖ ਕੇ ਖੋਲ੍ਹਿਆ ਦਰਵਾਜ਼ਾ, ਕਬਰਿਸਤਾਨ ਦੇ ਰਸਤੇ ਭੱਜ ਸਕਦਾ ਸੀ
ਮਸਜਿਦ ਦੇ ਚੇਅਰਮੈਨ ਸਿਕੰਦਰ ਦੇ ਮੁਤਾਬਕ ਮਸਜਿਦ ’ਚ ਰਾਤ ਨੂੰ ਅਧਿਆਪਕ ਪਾਸ਼ਾ, ਅਬਦੁਲ ਸਮਦ, ਰਾਸ਼ੀਦ, ਰਾਗੀਨ ਤੋਂ ਇਲਾਵਾ ਕੁੱਕ ਸ਼ਾਮੀਨ ਤੇ ਉਸ ਦਾ ਬੇਟਾ ਸਹਮੀਨ ਤੇ ਬੱਚੇ ਸਨ। ਜਿਸ ਕਮਰੇ ਵਿਚ ਕੈਮਰਿਆਂ ਦਾ ਡੀ. ਵੀ. ਆਰ. ਤੇ ਐੱਲ. ਈ. ਡੀ. ਲੱਗੇ ਹੋਏ ਹਨ, ਪਾਸ਼ਾ ਉੱਥੇ ਹੀ ਸੌਂਦਾ ਹੈ। ਦੇਰ ਰਾਤ ਪੁਲਸ ਦੇ ਆਉਣ ਤੋਂ ਪਹਿਲਾਂ ਉਸੇ ਨੇ ਕੈਮਰਿਆਂ ਰਾਹੀਂ ਪੁਲਸ ਨੂੰ ਦੇਖਿਆ ਤੇ ਫਿਰ ਦਰਵਾਜ਼ਾ ਖੋਲ੍ਹਿਆ। ਪ੍ਰਬੰਧਕਾਂ ਦੇ ਮੁਤਾਬਕ ਜੇਕਰ ਉਸ ਦੇ ਮਨ ਵਿਚ ਡਰ ਹੁੰਦਾ ਤਾਂ ਮਸਜਿਦ ਦੇ ਪਿੱਛੇ ਕਬਰਿਸਤਾਨ ਦੇ ਰਸਤੇ ਭੱਜ ਸਕਦਾ ਸੀ। ਐੱਨ. ਆਈ. ੲੇ. ਨੇ ਪਾਸ਼ਾ ਦੀਆਂ ਕਈ ਕਿਤਾਬਾਂ, ਸ਼ੱਕੀ ਸਮੱਗਰੀ ਤੇ ਮੋਬਾਇਲ ਵੀ ਕਬਜ਼ੇ ’ਚ ਲਿਆ। ਇਸੇ ਦੇ ਨਾਲ ਬੀਤੇ ਦਿਨੀਂ ਮਸਜਿਦ ਵਲੋਂ ਕਰਵਾਏ ਗਏ ਪ੍ਰੋਗਰਾਮ ਦੀ ਵੀਡੀਓਗ੍ਰਾਫੀ ਦੀਅਾਂ ਸੀ. ਡੀਜ਼ ਵੀ ਨਾਲ ਲੈ ਗਏ।
