ਉਗਰਾਹਾਂ ਦਾ ਐਲਾਨ, ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਕਰਾ ਕੇ ਹੀ ਲਵਾਂਗੇ ਦਮ

Tuesday, Dec 01, 2020 - 09:07 PM (IST)

ਉਗਰਾਹਾਂ ਦਾ ਐਲਾਨ, ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਕਰਾ ਕੇ ਹੀ ਲਵਾਂਗੇ ਦਮ

ਨਵੀਂ ਦਿੱਲੀ/ਭਵਾਨੀਗੜ੍ਹ (ਕਾਂਸਲ): ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਇਲਾਵਾ ਬਿਜਲੀ ਸੋਧ ਬਿੱਲ 2020 ਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਇਕ ਕਰੋੜ ਰੁਪਏ ਦਾ ਜੁਰਮਾਨਾ ਕਰਨ ਵਾਲਾ ਆਰਡੀਨੈਂਸ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।ਇਹ ਐਲਾਨ ਅੱਜ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਨੇ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਪਹਿਲਾਂ ਟਿਕਰੀ ਬਾਰਡਰ 'ਤੇ ਲੱਗੇ ਮੋਰਚੇ 'ਚ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।ਉਨ੍ਹਾਂ ਆਖਿਆ ਕਿ ਉਹ ਪੰਜਾਬ ਲਈ  ਇਕੱਲੀ ਐੱਮ.ਐੱਸ.ਪੀ. ਲੈਣ ਨਹੀਂ ਆਏ ਸਗੋਂ ਕਿਸਾਨ ਵਿਰੋਧੀ ਕਾਨੂੰਨਾਂ ਤੇ ਨੀਤੀਆਂ ਨੂੰ ਰੱਦ ਕਰਵਾਉਣ ਦੇ ਨਾਲ-ਨਾਲ ਸਾਰੇ ਸੂਬਿਆਂ 'ਚ ਸਾਰੀਆਂ ਫ਼ਸਲਾਂ ਲਈ ਘੱਟੋ-ਘੱਟ ਖ਼ਰੀਦ ਮੁੱਲ ਨੂੰ ਸੰਵਿਧਾਨਕ ਦਰਜਾ ਦਿਵਾਉਣ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਨੂੰ ਕਾਨੂੰਨੀ ਦਰਜਾ ਦਿਵਾਉਣ ਲਈ ਮੈਦਾਨ 'ਚ ਨਿੱਤਰੇ ਹਨ। 

ਇਹ ਵੀ ਪੜ੍ਹੋ:  ਦੋ ਸਾਲ ਦੇ ਬੱਚੇ ਨੂੰ ਘਰ ਛੱਡ ਮੋਹਾਲੀ ਪੇਪਰ ਦੇਣ ਜਾ ਰਹੀ ਮਾਂ ਨਾਲ ਰਸਤੇ 'ਚ ਵਾਪਰ ਗਈ ਅਣਹੋਣੀ

PunjabKesari

ਉਨ੍ਹਾਂ ਆਖਿਆ ਕਿ ਉਹ ਵਿਸ਼ਾਲ ਤਾਕਤ ਦੇ ਜ਼ੋਰ ਲੰਮਾ ਦਮ ਰੱਖ ਕੇ ਲੜਨ ਦੀ ਤਿਆਰੀ ਨਾਲ ਦਿੱਲੀ ਦੇ ਬਾਰਡਰ 'ਤੇ ਪੁੱਜੇ ਹਨ।ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਦਲਾਲ ਅਤੇ ਕਿਸਾਨਾਂ ਦੀ ਦੁਸ਼ਮਣ ਬਣੀ ਹੋਈ ਹੈ। ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਨੇ ਇਕ ਪਾਸੇ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦਾ ਹੱਲਾ ਬੋਲ ਰੱਖਿਆ ਹੈ। ਦੂਜੇ ਪਾਸੇ ਉਨ੍ਹਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੀ ਹੈ। ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਆਖਿਆ ਕਿ ਦਿੱਲੀ 'ਚ ਲੱਗੇ ਮੋਰਚੇ 'ਚ ਹਰਿਆਣਾ ਦੇ ਕਿਸਾਨਾਂ ਤੇ ਲੋਕਾਂ ਵਲੋਂ ਦਿਲ ਖੋਲ੍ਹ ਕੇ ਲੰਗਰ ਲਾਏ ਜਾ ਰਹੇ ਅਤੇ ਉਹ ਮੋਰਚੇ 'ਚ ਲਗਾਤਾਰ ਸ਼ਮੂਲੀਅਤ ਕਰ ਰਹੇ ਹਨ।  ਮਹਿਲਾ ਆਗੂ ਹਰਿੰਦਰ ਕੌਰ ਬਿੰਦੂ ਨੇ ਆਖਿਆ ਕਿ ਦਿੱਲੀ ਮੋਰਚੇ 'ਚ ਪੰਜਾਬ 'ਚੋਂ ਲਗਾਤਾਰ ਕਾਫਲੇ ਆ ਰਹੇ ਹਨ ਅਤੇ ਪੰਜਾਬ 'ਚ ਭਾਜਪਾ ਆਗੂਆਂ, ਟੋਲ ਪਲਾਜਿਆਂ ਤੇ ਸਾਪਿੰਗ ਮਾਲਜ ਅੱਗੇ ਲੱਗੇ ਮੋਰਚਿਆਂ 'ਚ ਗਿਣਤੀ ਵਧ ਰਹੀ ਹੈ।

ਇਹ ਵੀ ਪੜ੍ਹੋ: ਵਿਆਹ ਤੋਂ ਇਨਕਾਰ ਕਰਨ ਦੀ ਮਿਲੀ ਸਜ਼ਾ, ਕੁੜੀ ਦੀ ਅਸ਼ਲੀਲ ਤਸਵੀਰ ਕੀਤੀ ਵਾਇਰਲ

PunjabKesari

ਅੱਜ ਦੀ ਸਟੇਜ ਤੋਂ ਉੱਘੇ ਕਲਾਕਾਰ ਹਰਭਜਨ ਮਾਨ, ਕੰਵਰ ਗਰੇਵਾਲ, ਹਰਫ਼ ਚੀਮਾ , ਮਲਕੀਤ ਸਿੰਘ ਰੌਣੀ, ਕਰਮਜੀਤ ਅਨਮੋਲ ਤੋਂ ਇਲਾਵਾ ਇਕੱਤਰ ਸਿੰਘ ਦੀ ਨਿਰਦੇਸ਼ਨਾ ਵਾਲੀ ਨਾਟਕ ਟੀਮ ਵਲੋਂ ਆਪੋ-ਆਪਣੇ ਵਿਚਾਰ ,ਗੀਤ ਅਤੇ ਨਾਟਕ ਪੇਸ਼ ਕੀਤੇ ਗਏ।ਇਸ ਮੌਕੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਰਾਜਸਥਾਨ ਦੇ ਕਿਸਾਨ ਆਗੂ ਰਕੇਸ਼ ਬਿਸ਼ਨੋਈ ਤੇ ਗੁਲਾਬ ਸਿੰਘ, ਹਰਿਆਣਾ ਦੇ ਆਗੂ ਫ਼ਲ ਸਿੰਘ, ਜਨਵਾਦੀ ਇਸਤਰੀ ਸਭਾ ਦੀ ਆਗੂ ਰਾਜ ਕੁਮਾਰੀ ਤੋਂ ਇਲਾਵਾ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਜਗਤਾਰ ਸਿੰਘ ਕਾਲਾਝਾੜ, ਪਰਮਜੀਤ ਕੌਰ ਪਿੱਥੋ, ਰਾਮ ਸਿੰਘ ਭੈਣੀ ਬਾਘਾ, ਅਮਰੀਕ ਸਿੰਘ ਗੰਢੂਆਂ, ਰਾਜਵਿੰਦਰ ਸਿੰਘ ਰਾਮਨਗਰ ਤੇ ਜਨਕ ਸਿੰਘ ਭੁਟਾਲ ਨੇ ਵੀ ਸੰਬੋਧਨ ਕੀਤਾ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਸੀ.ਸੀ.ਟੀ.ਵੀ. ਕੈਮਰਾ ਦੇਖ ਉੱਡੇ ਹੋਸ਼


author

Shyna

Content Editor

Related News