ਖੇਤੀ ਵਿਰੋਧੀ ਆਰਡੀਨੈੱਸ ਦੇਸ਼ ਨੂੰ ਬਰਬਾਦ ਕਰਕੇ ਰੱਖ ਦੇਣਗੇ -  ਦਲਿਓ

08/27/2020 6:19:34 PM

ਬੁਢਲਾਡਾ(ਮਨਜੀਤ) - ਅੱਜ ਸੀ.ਪੀ.ਆਈ. (ਐਮ) ਦੇ ਦੇਸ਼ ਵਿਆਪੀ ਸੱਦੇ 'ਤੇ ਬੁਢਲਾਡਾ ਤਹਿਸੀਲ ਵਿਚ ਵੱਖ-ਵੱਖ ਪਿੰਡਾਂ ਵਿਚ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਸਾਹਮਣੇ ਆਪਣੀਆਂ ਮੰਗਾਂ ਰੱਖੀਆਂ ਗਈਆਂ ਹਨ। ਸਰਕਾਰ ਪਾਸੋਂ ਮੰਗ ਕੀਤੀ ਗਈ ਹੈ ਕਿ ਦੇਸ਼ ਅਤੇ ਖੇਤੀ ਵਿਰੋਧੀ ਆਰਡੀਨੈੱਸ ਵਾਪਸ ਲੲੇ ਜਾਣ, ਕੋਰੋਨਾ ਮਹਾਮਾਰੀ ਦੇ ਝੰਭੇ ਲੋਕਾਂ ਖਾਸ ਕਰਕੇ ਮਿਹਨਤਕਸ਼ ਜਨਤਾ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਹਰ ਪਰਿਵਾਰ ਨੂੰ ਪ੍ਰਤੀ ਮਹੀਨਾ 7500 ਰੁਪਏ ਆਰਥਿਕ ਮੱਦਦ ਦਿੱਤੀ ਜਾਵੇ , ਪ੍ਰਤੀ ਜੀਅ ਪ੍ਰਤੀ ਮਹੀਨਾ 10 ਕਿਲੋ ਕਣਕ-ਚਾਵਲ ਆਦਿ ਦਿੱਤਾ ਜਾਵੇ , ਮਨਰੇਗਾ ਸਕੀਮ ਦੇ ਦਿਨ 200 ਕੀਤੇ ਜਾਣ ਅਤੇ ਦਿਹਾੜੀ ਦੀ ਰਾਸ਼ੀ 600 ਰੁਪਏ ਕੀਤੀ ਜਾਵੇ। । ਇਹ ਪ੍ਰਦਰਸ਼ਨ ਅਹਿਮਦਪੁਰ, ਬੱਛੋਆਣਾ, ਬੀਰੋਕੇ ਕਲਾਂ, ਗੁਰਨੇ ਕਲਾਂ ਤੋਂ ਇਲਾਵਾ ਪਿੰਡ ਬੁਢਲਾਡਾ ਵਿਖੇ ਕੀਤੇ ਗਏ।

ਇਸ ਮੌਕੇ ਇਕੱਠਾਂ ਨੂੰ ਸੀ ਪੀ ਆਈ (ਐਮ) ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਸਵਰਨਜੀਤ ਸਿੰਘ ਦਲਿਓ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਮਹਾਮਾਰੀ ਕਾਰਨ ਮਜਦੂਰਾਂ, ਕਿਸਾਨਾਂ , ਦਸਤਕਾਰਾਂ , ਦੁਕਾਨਦਾਰਾਂ , ਵਪਾਰੀ ਵਰਗ ਦੇ ਕਾਰੋਬਾਰਾਂ 'ਤੇ ਵੱਡੀ ਮਾਰ ਪੲੀ ਹੈ ਜਿਸ ਕਾਰਨ ਇਨਾਂ ਵਰਗਾਂ ਦੀ ਆਰਥਿਕਤਾ ਲੀਹੋ-ਲੱਥ ਗੲੀ ਹੈ , ਨੇੜਲੇ ਭਵਿੱਖ ਵਿਚ ਸੁਧਾਰ ਦੀ ਉਮੀਦ  ਨਜ਼ਰ ਨਹੀਂ ਆ ਰਹੀ । ਕੇਂਦਰ ਸਰਕਾਰ ਲੋਕਾਂ ਨੂੰ ਆਰਥਿਕ ਰਾਹਤ ਦੇਣ ਦੀ ਬਜਾਏ ਉਲਟਾ ਡੀਜਲ- ਪੈਟਰੋਲ ਦੀਆਂ ਕੀਮਤਾਂ ਵਧਾ ਕੇ ਅਤੇ ਕੲੀ ਤਰ੍ਹਾਂ ਦੇ ਟੈਕਸਾਂ ਦਾ ਬੋਝ ਆਮ ਲੋਕਾਂ 'ਤੇ ਪਾ ਰਹੀ ਹੈ , ਸਿੱਟੇ ਵਜੋਂ ਮਹਿੰਗਾਈ ਵੱਧ ਰਹੀ ਹੈ ।

ਕਿਰਤ ਕਾਨੂੰਨਾਂ ਵਿਚ ਮਜ਼ਦੂਰ ਵਿਰੋਧੀ ਸੋਧਾਂ ਕਰ ਦਿੱਤੀਆਂ ਹਨ । ਖੇਤੀ ਵਿਰੋਧੀ ਆਰਡੀਨੈਂਸ ਪਾਸ ਕਰ ਦਿੱਤੇ ਹਨ ਜਿਨ੍ਹਾਂ ਨਾਲ ਖੇਤੀ ਦੇ ਧੰਦੇ ਕਿਸਾਨ-ਮਜ਼ਦੂਰ ਅਤੇ ਹੋਰ ਤਬਕੇ ਬਰਬਾਦ ਹੋ ਜਾਣਗੇ । ਕਮਿਊਨਿਸਟ ਆਗੂ ਕਾ. ਦਲਿਓ ਨੇ ਕਿਹਾ ਕਿ ਮੋਦੀ ਸਰਕਾਰ ਵੱਡੇ ਅਮੀਰ ਘਰਾਣਿਆਂ ਨੂੰ ਕਰੋੜਾਂ-ਅਰਬਾਂ ਦੀਆਂ ਰਿਆਇਤਾਂ ਦੇ ਰਹੀ ਹੈ , ਪਬਲਿਕ ਖੇਤਰ ਦੇ ਅਦਾਰੇ ਆਪਣੇ ਚਹੇਤਿਆਂ ਨੂੰ ਕੋਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ-ਮਜਦੂਰਾਂ ਅਤੇ ਘਰੇਲੂ ਔਰਤਾਂ ਸਿਰ ਚੜੇ ਕਰਜ਼ੇ ਮੁਆਫ਼ ਕੀਤੇ ਜਾਣ । ਪਬਲਿਕ ਖੇਤਰ ਦੇ ਅਦਾਰਿਆਂ ਨੂੰ ਵੇਚਣਾ ਅਤੇ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ। 

ਇਸ ਮੌਕੇ ਸੀ ਪੀ ਆਈ ( ਐਮ ) ਦੇ ਆਗੂਆਂ ਕਾ. ਜਸਵੰਤ ਸਿੰਘ ਬੀਰੋਕੇ, ਕਾ. ਬੋਘਾ ਸਿੰਘ,  ਕਾ. ਬਿੰਦਰ ਸਿੰਘ,  ਕਾ. ਭੁਪਿੰਦਰ ਸਿੰਘ, ਕਾ.ਹਰਦੀਪ ਸਿੰਘ, ਕਾ.ਸੰਤ ਰਾਮ ਬੀਰੋਕੇ ਵੀ ਮੌਜੂਦ ਸਨ।


Harinder Kaur

Content Editor

Related News