ਕਾਲਾਝਾੜ ਟੋਲ ਪਲਾਜ਼ੇ ''ਤੇ ਮੰਤਰੀ ਹਰਪਾਲ ਚੀਮਾ ਦੀ ਗੱਡੀ ''ਤੇ ਡਿੱਗਿਆ ਆਟੋਮੈਟਿਕ ਬੂਮ, ਕਰਮਚਾਰੀਆਂ ਨੂੰ ਪਈਆਂ ਭਾਜੜਾਂ

03/17/2023 3:04:46 PM

ਭਵਾਨੀਗੜ੍ਹ (ਵਿਕਾਸ,ਕਾਂਸਲ) : ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ਨੰਬਰ 7 ’ਤੇ ਭਵਾਨੀਗੜ੍ਹ ਨੇੜੇ ਕਾਲਾਝਾੜ ਟੋਲ ਪਲਾਜ਼ਾ ਅਕਸਰ ਸੁਰਖੀਆਂ ’ਚ ਰਹਿੰਦਾ ਹੈ। ਬੀਤੇ ਕੱਲ ਦੇਰ ਸ਼ਾਮ ਉਕਤ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੂੰ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਚੀਮਾ ਦੀ ਗੱਡੀ ’ਤੇ ਟੋਲ ਗੇਟ ਕ੍ਰ‍ਾਸ ਕਰਦੇ ਸਮੇਂ ਟੋਲ ਦਾ ਬੂਮ ਡਿੱਗ ਪਿਆ। ਸੂਤਰਾਂ ਮੁਤਾਬਕ ਅਚਾਨਕ ਵਾਪਰੀ ਇਸ ਘਟਨਾ ਸਬੰਧੀ ਵਿੱਤ ਮੰਤਰੀ ਦੇ ਨਾਲ ਮੌਜੂਦ ਸੁਰੱਖਿਆ ਕਰਮੀਆਂ ਵੱਲੋਂ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਨਾ ਦੇਣ ’ਤੇ ਬਾਅਦ ’ਚ ਮੌਕੇ ’ਤੇ ਪਹੁੰਚੀ ਪੁਲਸ ਟੋਲ ਦੇ ਇਕ ਦਰਜਨ ਦੇ ਕਰੀਬ ਕਰਮਚਾਰੀਆਂ ਨੂੰ ਕਾਲਾਝਾੜ ਪੁਲਸ ਚੌਕੀ ਲੈ ਗਈ, ਜਿਸ ਦੌਰਾਨ ਲਗਭਗ ਪੌਣਾ ਘੰਟਾ ਟੋਲ ਪਲਾਜ਼ਾ ਤੋਂ ਵਾਹਨ ਚਾਲਕ ਬਿਨਾਂ ਪਰਚੀ ਕਟਵਾਏ ਲੰਘਦੇ ਰਹੇ।

ਇਹ ਵੀ ਪੜ੍ਹੋ- ਸਰਕਾਰ ਦਾ ਇਕ ਸਾਲ ਪੂਰਾ ਹੋਣ 'ਤੇ ਵਿੱਤ ਮੰਤਰੀ ਚੀਮਾ ਨੇ ਪੇਸ਼ ਕੀਤਾ ਰਿਪੋਰਟ ਕਾਰਡ

ਉੱਧਰ ਮਾਮਲੇ ਦੀ ਪੁਸ਼ਟੀ ਕਰਦਿਆਂ ਉਕਤ ਟੋਲ ਦੇ ਮੈਨੇਜਰ ਮੁਹੰਮਦ ਨਸੀਰ ਖਾਨ ਨੇ ਦੱਸਿਆ ਕਿ ਕਾਰ ’ਤੇ ਟੋਲ ਬੂਮ ਉਸ ਸਮੇਂ ਡਿੱਗਿਆ ਜਦੋਂ ਵਿੱਤ ਮੰਤਰੀ ਚੀਮਾ ਚੰਡੀਗੜ੍ਹ ਤੋਂ ਸੰਗਰੂਰ ਵੱਲ ਜਾ ਰਹੇ ਸਨ। ਹਾਲਾਂਕਿ ਮੈਨੇਜਰ ਨੇ ਸਪੱਸ਼ਟ ਕੀਤਾ ਕਿ ਵੀ. ਆਈ. ਪੀ. ਲੋਕਾਂ ਦੇ ਲਈ ਟੋਲ ਤੋਂ ਲੰਘਣ ਲਈ ਵੱਖਰੀ ਲੇਨ ਬਣੀ ਹੋਈ ਹੈ ਪਰ ਮੰਤਰੀ ਦਾ ਕਾਫ਼ਲਾ ਆਮ ਲੇਨ ’ਚੋਂ ਲੰਘਣ ਕਰ ਕੇ ਟੋਲ ਦਾ ਆਟੋਮੈਟਿਕ ਬੂਮ ਇਕ ਗੱਡੀ ਦੇ ਲੰਘਣ ਮਗਰੋਂ ਉਨ੍ਹਾਂ ਦੀ ਗੱਡੀ ’ਤੇ ਡਿੱਗ ਪਿਆ ਤੇ ਉਨ੍ਹਾਂ ਦਾ ਕਾਫ਼ਲਾ ਰੁੱਕ ਗਿਆ।

ਇਹ ਵੀ ਪੜ੍ਹੋ- ਲਾਰੈਂਸ ਬਿਸ਼ਨੋਈ ਦੀ ਵੀਡੀਓ ’ਚ ਨਾਂ ਆਉਣ ਤੋਂ ਬਾਅਦ ਇਕ ਹੋਰ ਵਿਵਾਦ ’ਚ ਘਿਰੀ ਬਠਿੰਡਾ ਦੀ ਕੇਂਦਰੀ ਜੇਲ੍ਹ

ਵਿੱਤ ਮੰਤਰੀ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਇਸ ਸਬੰਧੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨ ’ਤੇ ਪੁਲਸ ਬਲ ਸਮੇਤ ਮੌਕੇ ’ਤੇ ਪਹੁੰਚੇ। ਡੀ. ਐੱਸ. ਪੀ.  ਭਵਾਨੀਗੜ੍ਹ ਮੋਹਿਤ ਅਗਰਵਾਲ ਵੱਲੋਂ ਟੋਲ ਗੇਟਾਂ ’ਤੇ ਡਿਊਟੀ ਕਰ ਰਹੇ ਸਾਰੇ ਕਰਮਚਾਰੀਆਂ ਨੂੰ ਪੁੱਛਗਿੱਛ ਲਈ ਕਾਲਾਝਾੜ ਪੁਲਸ ਚੌਕੀ ਵਿਖੇ ਲਿਜਾਂਦਾ ਗਿਆ ਤੇ ਬਾਅਦ ’ਚ ਸਾਰੇ ਕਰਮਚਾਰੀਆਂ ਨੂੰ ਛੱਡ ਦਿੱਤਾ ਗਿਆ। ਕਾਲਾਝਾੜ ਚੌਕੀ ਇੰਚਾਰਜ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਬਾਅਦ ’ਚ ਪੁਲਸ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਟੋਲ ਕਰਮਚਾਰੀਆਂ ਨੂੰ ਜਾਣ ਦਿੱਤਾ ਗਿਆ। ਉੱਧਰ, ਸੰਪਰਕ ਕਰਨ ’ਤੇ ਡੀ. ਐੱਸ. ਪੀ. ਮੋਹਿਤ ਅਗਰਵਾਲ ਨੇ ਆਖਿਆ ਕਿ ਮਾਮਲਾ ਕਿਸੇ ਵੀ. ਆਈ. ਪੀ. ਦੀ ਸੁਰੱਖਿਆ ਨਾਲ ਜੁੜਿਆ ਹੋਇਆ ਸੀ। ਸੂਬੇ ਦੇ ਮਾਣਯੋਗ ਵਿੱਤ ਮੰਤਰੀ ਦੇ ਕਾਫ਼ਲੇ ਦੌਰਾਨ ਰੁਕਾਵਟ ਪੈਣ ਦੀ ਸੂਚਨਾ ਮਿਲਣ ’ਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਤੇ ਬਾਅਦ ’ਚ ਟੋਲ ਕਰਮੀਆਂ ਨੂੰ ਭਵਿੱਖ ’ਚ ਕੋਈ ਲਾਪ੍ਰਵਾਹੀ ਸਾਹਮਣੇ ਨਾ ਆਉਣ ਦੇਣ ਦੀ ਚਿਤਾਵਨੀ ਦੇ ਕੇ ਭੇਜਿਆ ਗਿਆ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News