ਅਕਾਲੀ ਦਲ ਨੇ ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਦੇ ਮਾਡਲ ਤੋਂ ਜਾਣੂ ਕਰਵਾਉਣ ’ਤੇ ਕੇਜਰੀਵਾਲ ਦਾ ਕੀਤਾ ਧੰਨਵਾਦ

04/26/2022 1:05:40 AM

ਚੰਡੀਗੜ੍ਹ (ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਦਿੱਲੀ ਸੱਦ ਕੇ ਉਨ੍ਹਾਂ ਨੂੰ ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਦੇ ਮਾਡਲ ਦੀ ਜਾਣਕਾਰੀ ਦਿੱਤੀ ਹੈ। ਇਥੇ ਜਾਰੀ ਕੀਤੇ ਇਕ ਬਿਆਨ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਦਿੱਲੀ ਪਹੁੰਚਣ ਤੋਂ ਬਾਅਦ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸਮਝ ਆਇਆ ਕਿ ਦਿੱਲੀ ਸਰਕਾਰ ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਦੇ ਮਾਡਲ ਨੂੰ ਲਾਗੂ ਕਰ ਰਹੀ ਹੈ ਤੇ ਅਜਿਹਾ ਕਰਦਿਆਂ ਮਾਡਲ 'ਚ ਕੁਝ ਤਬਦੀਲੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ : IPL 2022 'ਚ ਕੇ. ਐੱਲ. ਰਾਹੁਲ ਦੇ ਪ੍ਰਦਰਸ਼ਨ ਦੇ ਮੁਰੀਦ ਹੋਏ ਗਾਵਸਕਰ ਤੇ ਰਵੀ ਸ਼ਾਸਤਰੀ, ਕੀਤੀ ਰੱਜ ਕੇ ਸ਼ਲਾਘਾ
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਨੇ ਕੁਝ ਸਮਾਂ ਪਹਿਲਾਂ ਸ੍ਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਸੀ ਕਿ ਉਹ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਥਾਪਿਤ ਕੀਤੇ ਮੈਰੀਟੋਰੀਅਸ ਤੇ ਆਦਰਸ਼ ਸਕੂਲਾਂ ਦਾ ਦੌਰਾ ਕਰਨ ਤਾਂ ਜੋ ਉਨ੍ਹਾਂ ਨੂੰ ਇਹ ਸਮਝ ਆ ਸਕੇ ਕਿ ਪਿਛਲੇ ਪੰਜ ਸਾਲਾਂ ਦੇ ਕਾਂਗਰਸ ਦੇ ਰਾਜਕਾਲ ਦੌਰਾਨ ਇਨ੍ਹਾਂ ਸਕੂਲਾਂ ਨੂੰ ਅਣੌਗਲਿਆ ਕਰਨ ਨਾਲ ਹੋਏ ਨੁਕਸਾਨ ਨੂੰ ਦਰੁੱਸਤ ਕੀਤਾ ਜਾ ਸਕੇ।  ਉਨ੍ਹਾਂ ਕਿਹਾ ਕਿ ਬਜਾਏ ਅਜਿਹਾ ਕਰਨ ਦੇ ਅਤੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਪੰਜਾਬ ਨੂੰ ਸਕੂਲ ਸਿੱਖਿਆ 'ਚ ਕੌਮੀ ਪੱਧਰ ’ਤੇ ਸਰਵੇਖਣ ਵਿਚ ਦੂਜੇ ਨੰਬਰ ’ਤੇ ਪਹੁੰਚਾਇਆ, ਵੱਲੋਂ ਸਥਾਪਿਤ ਕੀਤੇ ਪਲੈਟਫੋਰਮ ਦੀ ਉਸਾਰੀ ਕਰਨ ਦੇ, ਸ੍ਰੀ ਭਗਵੰਤ ਮਾਨ ਅੱਖਾਂ ਮੀਚ ਕੇ ਹੋਰ ਮਾਡਲਾਂ ਦੇ ਮਗਰ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਸ੍ਰੀ ਭਗਵੰਤ ਮਾਨ ਨੂੰ ਉਨ੍ਹਾਂ ਦੀ ਆਪਣੀ ਪਾਰਟੀ ਦੀ ਸਰਕਾਰ ਨੇ ਦੱਸਿਆ ਹੈ ਕਿ ਸਕੂਲ ਸਿੱਖਿਆ ਵਿਚ ਪੰਜਾਬ ਦਾ ਮਾਡਲ ਬੈਸਟ ਹੈ ਤੇ ਇਹੀ ਦਿੱਲੀ ਵਿਚ ਅਪਣਾਇਆ ਗਿਆ ਹੈ।  ਹੁਣ ਸ੍ਰੀ ਮਾਨ ਨੂੰ ਤੁਰੰਤ ਪੰਜਾਬ ਪਰਤਣਾ ਚਾਹੀਦਾ ਹੈ ਤੇ ਆਪ ਮੈਰੀਟੋਰੀਅਸ ਤੇ ਆਦਰਸ਼ ਸਕੂਲਾਂ ਦਾ ਦੌਰਾ ਕਰ ਕੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਹੱਲ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ 'ਚ ਫੰਡ ਰਿਲੀਜ਼ ਨਾ ਕਰਨ ਤੇ ਲੋੜੀਂਦਾ ਸਟਾਫ ਨਾ ਹੋਣ ਦੀ ਮੁਸ਼ਕਿਲ ਵੀ ਸ਼ਾਮਲ ਹੈ। 

ਇਹ ਖ਼ਬਰ ਪੜ੍ਹੋ- CSK ਦੇ ਸਲਾਮੀ ਬੱਲੇਬਾਜ਼ ਕਾਨਵੇ ਨੇ ਕੀਤਾ ਵਿਆਹ, IPL ਫ੍ਰੈਂਚਾਇਜ਼ੀ ਨੇ ਦਿੱਤੀ ਵਧਾਈ
ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਆਪਣੇ ਅਫਸਰਾਂ ਨੂੰ ਮੈਰੀਟੋਰੀਅਸ ਤੇ ਆਦਰਸ਼ ਸਕੂਲਾਂ 'ਚ ਲੈ ਕੇ ਜਾਣ ਤਾਂ ਉਨ੍ਹਾਂ ਦੀ ਸਥਾਪਨਾ ਪਿੱਛੇ ਫਲਸਫਾ ਸਮਝਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਸ੍ਰੀ ਮਾਨ ਨੂੰ ਇਹ ਸਮਝ ਆ ਜਾਵੇਗਾ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਮਿਆਰੀ ਸਿੱਖਿਆ ਲਈ ਕੀਤੀ ਗਈ ਪਹਿਲਕਦਮੀ ਹੁਣ ਹੋਰ ਰਾਜਾਂ 'ਚ ਪਸਰ ਗਈ ਹੈ। ਉਨ੍ਹਾਂ ਕਿਹਾ ਕਿ ਨਾਲ ਹੀ ਇਸ ਵਿਚਾਰਧਾਰਾ ਦਾ ਵਿਸਥਾਰ ਕੀਤਾ ਜਾਣਾ ਚਾਹੀਦਾ ਹੈ ਜਿਸ ਤਹਿਤ ਸੂਬੇ 'ਚ 10 ਕਾਵਾਂ ’ਤੇ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਤੇ ਮੁਫਤ ਹੋਸਟਲ ਸਹੂਲਤ ਪ੍ਰਦਾਨ ਕੀਤੀ ਗਈ। ਉਨ੍ਹਾਂ ਕਿਹਾ ਕਿ ਆਦਰਸ਼ ਸਕੂਲ ਦੇ ਵਿਚਾਰ 'ਚ ਉਦਯੋਗ ਨੂੰ ਸ਼ਾਮਲ ਕਰ ਕੇ ਉਨ੍ਹਾਂ ਨੂੰ ਮਿਆਰੀ ਮੁਫਤ ਸਿੱਖਿਆ ਦੇ ਸਕੂਲ ਖੋਲ੍ਹਣ ਤੇ ਦਿਹਾਤੀ ਇਲਾਕਿਆਂ ਤੋਂ ਹੁਸ਼ਿਆਰ ਵਿਦਿਆਰਥੀਆਂ ਨੂੰ ਅੱਗੇ ਲਿਆਉਣ ਦਾ ਜ਼ਿੰਮਾ ਸੌਂਪਿਆ ਗਿਆ ਸੀ। ਉਨ੍ਹਾਂ ਕਿਹਾ ਕਿ ਦੋਵਾਂ ਪਹਿਲਕਦਮੀਆਂ ਦਾ ਮਕਸਦ ਦਿਹਾਤੀ ਖੇਤਰਾਂ ਦੇ ਅਣਗੌਲੇ ਵਰਗ ਦੇ ਵਿਦਿਆਰਥੀਆਂ ਨੂੰ ਭਾਰਤ ਤੇ ਵਿਸ਼ਵ ਵਿਚ ਸਰਵੋਤਮ ਵਿਦਿਆਰਥੀਆਂ ਦਾ ਮੁਕਾਬਲਾ ਕਰਨ ਦੇ ਸਮਰਥ ਬਣਾਉਣਾ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Gurdeep Singh

Content Editor

Related News