ਕੇਂਦਰ ਸਰਕਾਰ ਦੇ ਲਿਖਤੀ ਭਰੋਸੇ ਮਗਰੋਂ ਖੇਤੀ ਆਰਡੀਨੈਂਸ ਸਬੰਧੀ ਕਿਸਾਨਾਂ ਨੂੰ ਗੁਮਰਾਹ ਨਾ ਕਰੇ ਕਾਂਗਰਸ: ਗਰਗ

08/29/2020 3:01:10 PM

ਭਵਾਨੀਗੜ੍ਹ (ਕਾਂਸਲ, ਵਿਕਾਸ): ਕੇਂਦਰ ਸਰਕਾਰ ਵਲੋਂ ਖੇਤੀਬਾੜੀ ਐਕਟ 'ਚ ਤਰਮੀਮ ਕਰਨ ਲਈ ਜਾਰੀ ਤਿੰਨ ਆਰਡੀਨੈਂਸਾਂ ਪ੍ਰਤੀ ਪਾਏ ਜਾ ਰਹੇ ਖਦਸ਼ੇ ਕਿ ਇਸ ਨਾਲ ਖੇਤੀ ਪੈਦਾਵਾਰ ਕਣਕ ,ਝੋਨੇ ਦੀ ਸਰਕਾਰੀ ਖਰੀਦ ਬੰਦ ਹੋ ਜਾਵੇਗੀ ਅਤੇ ਪ੍ਰਾਈਵੇਟ ਵਪਾਰੀ ਆਪਣੀ ਮਨਮਰਜ਼ੀ ਅਨੁਸਾਰ ਘੱਟ ਰੇਟ ਤੇ ਫ਼ਸਲ ਖ਼ਰੀਦ ਸਕੇਗਾ ਮੰਡੀਕਰਨ ਸਿਸਟਮ ਨੂੰ ਤੋੜਿਆ ਜਾ ਰਿਹਾ ਹੈ। ਇਹ ਕੂੜ ਪ੍ਰਚਾਰ ਲਗਾਤਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਕਿਸਾਨ ਯੂਨੀਅਨ ਵਲੋਂ ਵੀ ਇਹ ਖਦਸ਼ਾ ਜਾਹਿਰ ਕੀਤਾ ਜਾ ਰਿਹਾ ਸੀ। ਇਸ ਸੰਘਰਸ਼ 'ਚ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਹੀ ਇਹ ਕਿਸਾਨ ਹਿੱਤਾਂ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ ਸੀ ਕਿ ਕਿਸੇ ਵੀ ਕੀਮਤ ਤੇ ਨਾ ਐੱਮ.ਐੱਸ.ਪੀ. ਖਤਮ ਹੋਣ ਦੇਵਾਂਗੇ ਅਤੇ ਨਾ ਹੀ ਮੰਡੀਕਰਨ ਸਿਸਟਮ ਨੂੰ ਕੋਈ ਨੁਕਸਾਨ ਹੋਣ ਦੇਵਾਂਗੇ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਅਤੇ ਅਮਿਤ ਸ਼ਾਹ ਨਾਲ ਇਹ ਖ਼ਦਸ਼ਾ ਜ਼ਾਹਿਰ ਕਰਦਿਆਂ ਲਿਖ਼ਤੀ ਸਪੱਸ਼ਟੀਕਰਨ ਦੇਣ ਦੀ ਗੱਲ ਕੀਤੀ। ਇਸ ਸਬੰਧੀ ਕੇਂਦਰ ਸਰਕਾਰ ਨੇ ਲਿਖਤੀ ਰੂਪ 'ਚ ਸਪੱਸ਼ਟੀਕਰਨ ਦਿੱਤਾ ਅਤੇ ਕਿਹਾ ਕਿ ਐਕਟ 'ਚ ਕੋਈ ਤਬਦੀਲੀ ਨਹੀਂ ਹੋਵੇਗੀ।

ਕਿਸਾਨਾਂ ਦੀ ਫ਼ਸਲ ਕਣਕ ਅਤੇ ਝੋਨਾ ਪਹਿਲਾਂ ਦੀ ਤਰ੍ਹਾਂ ਐੱਮ.ਐੱਸ.ਪੀ. ਰੇਟ ਉੱਪਰ ਹੀ ਖਰੀਦਿਆ ਜਾਵੇਗਾ। ਇਹ ਖਰੀਦ ਆੜ੍ਹਤੀਆਂ ਰਾਹੀਂ ਅਤੇ ਅਦਾਇਗੀ ਵੀ ਪਹਿਲਾਂ ਦੀ ਤਰ੍ਹਾਂ ਹੋਵੇਗੀ। ਪੰਜਾਬ ਦੇ ਮੰਡੀਕਰਨ ਸਿਸਟਮ ਮੁਤਾਬਕ ਖ਼ਰੀਦ ਪਹਿਲਾਂ ਦੀ ਤਰ੍ਹਾਂ ਸਰਕਾਰ ਵਲੋਂ ਤੈਅ ਕੀਤੇ ਰੇਟ ਅਨੁਸਾਰ ਹੀ ਕੀਤੀ ਜਾਵੇਗੀ। ਪੰਜਾਬ ਸਰਕਾਰ ਹੋਰ ਨਵੀਆਂ ਮੰਡੀਆਂ ਵੀ ਸਥਾਪਿਤ ਕਰ ਸਕਦੀ ਹੈ। ਇਹ ਸਾਰਾ ਅਧਿਕਾਰ ਪੰਜਾਬ ਸਰਕਾਰ ਕੋਲ ਪਹਿਲਾਂ ਦੀ ਤਰ੍ਹਾਂ ਹੀ ਰਹੇਗਾ। ਕੇਂਦਰ ਸਰਕਾਰ ਸਾਰੇ ਖ਼ਰਚੇ ਟੈਕਸ ਸਮੇਤ ਪਹਿਲਾਂ ਦੀ ਤਰ੍ਹਾਂ ਹੀ ਦੇਵੇਗਾ। ਇਸ ਖ਼ਰੀਦ ਪ੍ਰਣਾਲੀ ਤੇ ਜ਼ਾਰੀ ਆਰਡੀਨੈਸਾਂ ਦਾ ਕੋਈ ਪ੍ਰਭਾਵ ਨਹੀਂ ਹੋਵੇਗਾ। ਇਹ ਝੂਠੇ ਖਦਸ਼ੇ ਰਾਜਨੀਤੀ ਤੋਂ ਪ੍ਰੇਰਿਤ ਹਨ। ਇਸ ਲਿਖਤੀ ਪੱਤਰ ਨਾਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਝੂਠ ਦੀ ਰਾਜਨੀਤੀ ਖ਼ਤਮ ਹੋ ਗਈ। ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਲਾਲਸਾ ਵੀ ਠੁੱਸ ਹੋ ਗਈ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਦੀ ਤਰਜਮਾਮੀ ਕਰਦਾ ਹੈ ਤੇ ਕਰਦਾ ਰਹੇਗਾ। ਇਸ ਲਈ ਕਦੇ ਵੀ ਕਿਸੇ ਵੀ ਸਰਕਾਰ ਨੂੰ ਕਿਸਾਨ ਹਿੱਤਾਂ ਦੇ ਖਿਲਾਫ ਕੋਈ ਕਦਮ ਨਹੀਂ ਚੁੱਕਣ ਦੇਵੇਗਾ। ਇਸ ਲਈ ਅਕਾਲੀ ਦਲ ਹਮੇਸ਼ਾ ਅੱਗੇ ਹੋ ਕੇ ਲੜਾਈ ਲੜੇਗਾ। ਕੇਂਦਰ ਸਰਕਾਰ ਵਲੋਂ ਇਹ ਲਿਖਤੀ ਭਰੋਸੇ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਜੀ ਦਾ ਧੰਨਵਾਦ ਕਰਦਿਆਂ ਕਿਸਾਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕਿਸਾਨ ਆਗੂ ਕੁਲਵੰਤ ਸਿੰਘ ਜੌਲੀਆਂ,ਬਿੰਦਰ ਸਿੰਘ ਬਟਿਰਿਆਣਾ,ਰਜਿਵੰਦਰ ਕਾਕੜਾ,ਅਵਤਾਰ ਸਿੰਘ ਕਾਲਾ ਚਹਿਲ,ਬਲਜੀਤ ਸਿੰਘ ਸਰਾਉ ,ਭਗਵੰਤ ਸਿੰਘ ,ਗੁਰਮੇਲ ਸਿੰਘ ਝਨੇੜੀ ਆਦਿ ਹਾਜ਼ਰ ਸਨ।


Shyna

Content Editor

Related News