ਏਅਰ ਫੋਰਸ ਮੁਲਾਜ਼ਮ ਦੇ ਘਰ ਹੋਈ ਚੋਰੀ ਦਾ ਮਾਮਲਾ 10 ਘੰਟਿਆ ''ਚ ਹੱਲ, ਹੋਇਆ ਵੱਡਾ ਖੁਲਾਸਾ
Saturday, Jun 07, 2025 - 05:22 PM (IST)

ਮਲੋਟ (ਸ਼ਾਮ ਜੁਨੇਜਾ) : ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਡਾ.ਅਖਿਲ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ.ਐੱਸ.ਪੀ.ਮਲੋਟ ਇਕਬਾਲ ਸਿੰਘ ਸੰਧੂ ਦੀਆਂ ਹਦਾਇਤਾਂ 'ਤੇ ਗੈਰ ਸਮਾਜੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਸਿਟੀ ਮਲੋਟ ਪੁਲਸ ਦੇ ਏਅਰ ਫੋਰਸ ਵਿਚ ਤਾਇਨਾਤ ਇਕ ਕਰਮਚਾਰੀ ਦੇ ਘਰ ਵਿਚੋਂ ਚੋਰੀ ਕਰਨ ਦੇ ਮਾਮਲੇ ਵਿਚ ਸਿਰਫ 10 ਘੰਟਿਆਂ ਵਿਚ ਚੋਰ ਨੂੰ ਕਾਬੂ ਕਰ ਲਿਆ ਅਤੇ ਉਸਤੋਂ ਚੋਰੀ ਕੀਤਾ ਸੋਨਾ ਵੀ ਬਰਾਮਦ ਕਰ ਲਿਆ। ਇਸ ਸਬੰਧੀ ਐੱਸ. ਐੱਚ. ਓ ਸਿਟੀ ਮਲੋਟ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਲਸ਼ਨ ਪਾਠਕ ਪੁੱਤਰ ਰਜਿੰਦਰ ਪਾਠਕ ਨੇ ਪੁਲਸ ਨੂੰ ਦਰਜ ਬਿਆਨਾਂ ਵਿਚ ਕਿਹਾ ਕਿ ਉਸਦੇ ਘਰ ਦੇ ਇਕ ਹਿੱਸੇ ਵਿਚ ਬਣੇ ਕਮਰਿਆਂ ਵਿਚ ਉਸਦਾ ਭਰਾ ਗੌਤਮ ਪਾਠਕ ਰਹਿੰਦਾ ਹੈ। ਜੋ ਦਿੱਲੀ ਏਅਰ ਫੋਰਸ ਵਿਚ ਤਾਇਨਾਤ ਹੈ ਇਸ ਲਈ ਉਹ ਆਪਣੇ ਪਰਿਵਾਰ ਨਾਲ ਦਿੱਲੀ ਡਿਊਟੀ 'ਤੇ ਰਹਿੰਦਾ ਹੈ। ਕੱਲ ਜਦੋਂ ਉਸਦੀ ਪਤਨੀ ਅਤੇ ਪਿਤਾ ਵੀ ਘਰ ਨਹੀਂ ਸੀ ਅਤੇ ਉਹ ਬਜ਼ਾਰ ਕਿਸੇ ਕੰਮ ਗਿਆ ਸੀ ਤਾਂ ਪਿੱਛੋਂ ਕਿਸੇ ਅਣਪਛਾਤੇ ਵਿਅਕਤੀ ਨੇ ਤਾਲੇ ਤੋੜ ਕੇ ਘਰ ਵਿਚ ਚੋਰੀ ਕਰ ਲਈ।
ਉਕਤ ਨੇ ਦੱਸਿਆ ਕਿ ਜਦੋਂ ਉਹ ਵਾਪਸ ਘਰ ਪੁੱਜਾ ਤਾਂ ਸਮਾਨ ਖਿੱਲਰਿਆ ਪਿਆ ਸੀ। ਜਿਥੇ ਉਸਦੇ ਕਮਰੇ ਵਿਚ ਪਿਆ ਸਮਾਨ ਚੋਰੀ ਹੋਇਆ ਸੀ। ਉਸਦੇ ਘਰ ਗੌਤਮ ਦੀ ਅਲਮਾਰੀ ਤੋੜ ਕੇ ਹੋਰ ਸਮਾਨ ਦੇ ਨਾਲ ਭਰਜਾਈ ਦੇ ਪਰਸ ਵਿਚੋਂ 3 ਤੋਲੇ ਸੋਨੇ ਦੇ ਗਹਿਣੇ ਚੋਰੀ ਕੀਤੇ ਜਾ ਚੁੱਕੇ ਸਨ। ਇਸ ਸਬੰਧੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਚੋਰੀ ਨਤੀਸ਼ ਕੁਮਾਰ ਪੁੱਤਰ ਨੰਦ ਲਾਲ ਵਾਸੀ ਵਾਰਡ ਨੰਬਰ 8 ਬਾਬਾ ਦੀਪ ਸਿੰਘ ਨਗਰ ਨੇ ਕੀਤੀ ਹੈ। ਇਸ ਮਾਮਲੇ 'ਤੇ ਏ.ਐਸ.ਆਈ.ਬਲਜਿੰਦਰ ਸਿੰਘ, ਐੱਚ. ਸੀ. ਬੋਹੜ ਸਿੰਘ ਸਮੇਤ ਟੀਮ ਨੇ ਨਤੀਸ਼ ਕੁਮਾਰ ਵਿਰੁੱਧ ਮਾਮਲਾ ਦਰਜ ਕਰ ਲਿਆ ਅਤੇ 10 ਘੰਟਿਆ ਤੋਂ ਘੱਟ ਸਮੇਂ ਵਿਚ ਚੋਰ ਨੂੰ ਕਾਬੂ ਕਰਕੇ ਉਸ ਪਾਸੋਂ ਚੋਰੀ ਕੀਤੇ ਤਿੰਨ ਤੋਲੇ ਸੋਨੇ ਦੇ ਗਹਿਣੇ ਵੀ ਬਰਾਮਦ ਕਰ ਲਏ। ਪੁਲਸ ਵੱਲੋਂ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।