ਖੇਤੀ ਕਾਨੂੰਨ ਕਿਸਾਨਾਂ ਸਮੇਤ ਸਮੁੱਚੇ ਦੇਸ਼ ਲਈ ਖਤਰੇ ਦੀ ਘੰਟੀ: ਉਗਰਾਹਾਂ

08/17/2021 3:10:38 PM

ਭਵਾਨੀਗੜ੍ਹ (ਵਿਕਾਸ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹ ਮਾਰਗ 'ਤੇ ਸਥਿਤ ਕਾਲਾਝਾੜ ਟੋਲ ਪਲਾਜ਼ਾ ਵਿਖੇ ਸੰਗਰੂਰ, ਬਰਨਾਲਾ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ 1947 ਵਿੱਚ ਗੋਰਿਆਂ ਤੋਂ ਕਾਲੇ ਅੰਗਰੇਜ਼ਾਂ ਨੇ ਰਾਜ ਸੱਤਾ ਹਾਸਲ ਕਰ ਲਈ ਸੀ। ਜਿਸ ਕਾਰਣ ਪਿਛਲੇ 74 ਸਾਲਾਂ ਦੌਰਾਨ ਕਿਸਾਨ, ਮਜ਼ਦੂਰ ਤੇ ਛੋਟੇ ਦੁਕਾਨਦਾਰਾਂ ਦੀ ਜ਼ਿੰਦਗੀ ਹੋਰ ਵੀ ਬਦਤਰ ਹੋ ਗਈ ਹੈ ਅਤੇ ਕਾਰਪੋਰੇਟ ਘਰਾਣਿਆਂ ਤੇ ਵਿਦੇਸ਼ੀ ਕੰਪਨੀਆਂ ਨੇ ਆਪਣੀ ਲੁੱਟ ਕਈ ਗੁਣਾ ਹੋਰ ਵਧਾ ਦਿੱਤੀ ਹੈ। ਉਗਰਾਹਾਂ ਨੇ ਕਿਹਾ ਆਜ਼ਾਦੀ ਸਬੰਧੀ ਇੱਥੋਂ ਦੇ ਹਾਕਮ ਬੜੇ ਜਸ਼ਨ ਮਨਾਉਂਦੇ ਹਨ ਪਰ ਇਹ ਕੋਈ ਜਸ਼ਨ ਮਨਾਉਣ ਵਾਲਾ ਦਿਨ ਨਹੀਂ ਹੈ। ਕਿਉਂਕਿ ਇਸ ਦਿਨ 10 ਲੱਖ ਲੋਕਾਂ ਦਾ ਖੂਨ-ਖਰਾਬਾ ਹੋਇਆ ਸੀ।

ਉਨ੍ਹਾਂ ਕਿਹਾ ਕਿ ਰਾਜ ਕਰਨ ਵਾਲਿਆਂ ਦੇ ਸਿਰਫ ਰੰਗ ਗੋਰੇ ਤੋਂ ਬਦਲ ਕੇ ਕਾਲੇ ਹੋ ਗਏ ਹਨ, ਪਰ ਨੀਤੀਆਂ ਅੱਜ ਵੀ ਸਾਮਰਾਜ ਤੇ ਵੱਡੇ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਲਈ ਲਾਗੂ ਕੀਤੀਆਂ ਜਾ ਰਹੀਆਂ ਹਨ। ਉਗਰਾਹਾਂ ਨੇ ਕਿਹਾ ਕਿ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਕਾਰਣ ਹੀ ਲੱਖਾਂ ਕਿਸਾਨ, ਮਜ਼ਦੂਰ ਖੁਦਕੁਸ਼ੀਆਂ ਕਰ ਗਏ ਹਨ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨ ਸਿਰਫ਼ ਕਿਸਾਨਾਂ ਲਈ ਹੀ ਨਹੀਂ ਸਗੋਂ ਦੇਸ਼ ਦੇ ਸਮੁੱਚੇ ਵਰਗਾਂ ਲਈ ਖ਼ਤਰੇ ਦੀ ਘੰਟੀ ਹਨ। ਉਨ੍ਹਾਂ ਕਿਹਾ ਕਿ ਪਿਛਲੇ 9 ਮਹੀਨਿਆਂ ਤੋਂ ਲਗਾਇਆ ਦਿੱਲੀ ਕਿਸਾਨ ਮੋਰਚਾ ਹੁਣ ਦੇਸ਼ ਤੋਂ ਬਾਹਰ ਕੌਮਾਂਤਰੀ ਪੱਧਰ 'ਤੇ ਆਪਣੀ ਛਾਪ ਛੱਡਣ ਵਿੱਚ ਕਾਮਯਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਬਾਰਡਰਾਂ 'ਤੇ ਸ਼ਾਂਤੀਪੂਰਨ ਅਤੇ ਜਬਤਵੱਧ ਤਰੀਕੇ ਨਾਲ਼ ਚੱਲ ਰਹੇ ਮੋਰਚੇ ਵਿੱਚ 600 ਕਿਸਾਨ ਸ਼ਹੀਦ ਹੋ ਚੁੱਕੇ ਹਨ। ਉਨ੍ਹਾਂ ਐਲਾਨ ਕੀਤਾ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਸੰਘਰਸ਼ ਸਮਾਪਤ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਰੂਪ ਸਿੰਘ ਛੰਨਾ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਮਨਜੀਤ ਸਿੰਘ ਨਿਆਲ, ਅਜੈਬ ਸਿੰਘ ਲੱਖੇਵਾਲ, ਮਨਜੀਤ ਸਿੰਘ ਘਰਾਚੋਂ, ਹਰਜੀਤ ਸਿੰਘ ਮਹਿਲਾਂ, ਹਰਜਿੰਦਰ ਸਿੰਘ ਘਰਾਚੋਂ, ਗੁਰਪ੍ਰੀਤ ਕੌਰ ਅਤੇ ਨਵਜੋਤ ਕੌਰ ਚੰਨੋ ਨੇ ਵੀ ਸੰਬੋਧਨ ਕੀਤਾ।


Shyna

Content Editor

Related News