ਐਡਵੋਕੇਟ ਗੁਰਵਿੰਦਰ ਸਿੰਘ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨਗੀ ਦੀ ਦੋੜ ਵਿੱਚ
Thursday, Sep 18, 2025 - 11:31 PM (IST)

ਬੁਢਲਾਡਾ, (ਮਨਜੀਤ)- ਕਾਂਗਰਸ ਪਾਰਟੀ ਅੰਦਰ ਜ਼ਿਲ੍ਹਾ ਪ੍ਰਧਾਨਗੀ ਨੂੰ ਲੈ ਕੇ ਕਸ਼ਮਕਸ਼ ਚੱਲ ਰਹੀ ਹੈ। ਇਸ ਨੂੰ ਲੈ ਕੇ ਜਿੱਥੇ ਪਾਰਟੀ ਅੰਦਰ ਵੱਖ-ਵੱਖ ਕਾਂਗਰਸੀ, ਜ਼ਿਲ੍ਹਾ ਪ੍ਰਧਾਨਗੀ ਲਈ ਹੱਥ-ਪੈਰ ਮਾਰ ਰਹੇ ਹਨ। ਉੱਥੇ ਪਿੰਡ ਬੀਰੋਕੇ ਕਲਾਂ ਦੇ ਐਡਵੋਕੇਟ ਗੁਰਵਿੰਦਰ ਸਿੰਘ ਵੀ ਪ੍ਰਧਾਨਗੀ ਦੀ ਦੋੜ ਵਿੱਚ ਮੋਹਰੀਆਂ ਵਿੱਚੋਂ ਹਨ। ਉਹ ਜ਼ਿਲ੍ਹਾ ਕਾਂਗਰਸ ਮਾਨਸਾ ਦੀ ਪ੍ਰਧਾਨਗੀ ਲਈ ਲਗਾਤਾਰ ਯਤਨਸ਼ੀਲ ਅਤੇ ਵਰਕਰਾਂ ਅਤੇ ਪਾਰਟੀ ਹਾਈ-ਕਮਾਂਡ ਨਾਲ ਸੰਪਰਕ ਬਣਾ ਕੇ ਚੱਲ ਰਹੇ ਹਨ। ਪਾਰਟੀ ਅੰਦਰ ਉਨ੍ਹਾਂ ਦਾ ਚੰਗਾ ਅਸਰ ਰਸੂਖ ਅਤੇ ਜਨ ਆਧਾਰ ਹੈ।
ਉਨ੍ਹਾਂ ਦੇ ਪਰਿਵਾਰ ਵਿੱਚੋਂ ਉਨ੍ਹਾਂ ਦੇ ਦਾਦਾ ਲਖਵੀਰ ਸਿੰਘ ਸਰਪੰਚ, ਫਿਰ ਪਿਤਾ ਪਿਆਰਾ ਸਿੰਘ ਸਰਪੰਚ , ਮਾਤਾ ਜੁਗਮੇਲ ਕੌਰ ਸਰਪੰਚ, ਪਤਨੀ ਗੁਰਪ੍ਰੀਤ ਕੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਫਿਰ ਖੁਦ ਗੁਰਵਿੰਦਰ ਸਿੰਘ ਵੀ ਸਰਪੰਚ ਰਹਿ ਚੁੱਕੇ ਹਨ, ਜਿਸ ਕਰਕੇ ਗੁਰਵਿੰਦਰ ਸਿੰਘ ਦਾ ਕੱਦ ਜ਼ਿਲ੍ਹਾ ਪ੍ਰਧਾਨਗੀ ਦੀ ਦੋੜ ਵਿੱਚ ਸਭ ਤੋਂ ਮੋਹਰਲੀ ਲਾਇਨ ਵਿੱਚ ਹੈ।
ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨਗੀ ਲਈ ਚੋਣ ਕਰਵਾਈ ਜਾ ਰਹੀ ਹੈ। ਐਡਵੋਕੇਟ ਗੁਰਵਿੰਦਰ ਸਿੰਘ ਵੀ ਮਾਨਸਾ ਦੀ ਜ਼ਿਲ੍ਹਾ ਪ੍ਰਧਾਨਗੀ ਲਈ ਮੱਲ੍ਹ ਮਾਰ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਅੰਦਰ ਉਨ੍ਹਾਂ ਦਾ ਲੰਮਾ ਸਫਰ ਹੈ। ਹਰ ਵੇਲੇ ਉਹ ਪਾਰਟੀ ਨਾਲ ਖੜ੍ਹੇ ਅਤੇ ਜੁੜੇ ਰਹੇ ਹਨ। ਪਾਰਟੀ ਦੇ ਔਖੇ ਵੇਲੇ ਵੀ ਉਨ੍ਹਾਂ ਨੇ ਪਾਰਟੀ ਸਿਧਾਤਾਂ ਅਤੇ ਅਸੂਲਾਂ ਤੇ ਪਹਿਰਾ ਦਿੰਦਿਆਂ ਕਾਂਗਰਸ ਪਾਰਟੀ ਲਈ ਦਿਨ-ਰਾਤ ਇੱਕ ਕਰਕੇ ਰੱਖਿਆ ਅਤੇ ਅੱਜ ਉਹ ਉਸੇ ਆਧਾਰ ਤੇ ਪਾਰਟੀ ਅੰਦਰ ਪ੍ਰਧਾਨਗੀ ਲਈ ਆਪਣਾ ਹੱਕ ਜਿਤਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਹਾਈ-ਕਮਾਂਡ ਅਤੇ ਕਾਂਗਰਸੀ ਵਰਕਰਾਂ ਦੇ ਫੈਸਲੇ ਮੰਨਾਂਗੇ। ਪਰ ਨਿਯਮਾਂ ਮੁਤਾਬਕ ਉਹ ਵੀ ਪ੍ਰਧਾਨਗੀ ਦੇ ਦਾਅਵੇਦਾਰ ਜ਼ਰੂਰ ਹਨ ਅਤੇ ਵਾਅਦਾ ਕਰਦੇ ਹਨ ਕਿ ਜੇਕਰ ਉਨ੍ਹਾਂ ਨੂੰ ਇਹ ਅਹੁਦਾ ਅਤੇ ਮੌਕਾ ਮਿਲਿਆ ਤਾਂ ਉਹ ਪਾਰਟੀ ਨਾਲ ਪਹਿਲਾਂ ਦੀ ਤਰ੍ਹਾਂ ਚੱਟਾਨ ਵਾਂਗ ਖੜ੍ਹ ਕੇ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣਗੇ।