ਤਪਾ ਨੇੜੇ ਆਟੋ ਪਲਟਿਆ, ਇੱਕੋ ਪਰਿਵਾਰ ਦੀਆਂ 3 ਔਰਤਾਂ ਜ਼ਖਮੀ
Saturday, Sep 16, 2023 - 03:15 PM (IST)

ਤਪਾ ਮੰਡੀ (ਸ਼ਾਮ,ਗਰਗ) : ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਸਥਿਤ ਗੁਰੂਦੇਵ ਢਾਬਾ ਨੇੜੇ ਇੱਕ ਆਟੋ ਦੇ ਖਤਾਨਾਂ ‘ਚ ਪਲਟ ਗਿਆ। ਇਸ ਕਾਰਨ ਇੱਕੋ ਪਰਿਵਾਰ ਦੀਆਂ ਤਿੰਨ ਔਰਤਾਂ ਜ਼ਖਮੀ ਹੋ ਗਈਆਂ। ਜਾਣਕਾਰੀ ਅਨੁਸਾਰ ਬੰਟੀ ਪੁੱਤਰ ਉਜਾਗਰ ਸਿੰਘ ਵਾਸੀ ਬਠਿੰਡਾ ਨੇ ਦੱਸਿਆ ਕਿ ਉਹ ਅਪਣੇ ਪਰਿਵਾਰ ਸਮੇਤ ਬਠਿੰਡਾ ਤੋਂ ਪਟਿਆਲਾ ਕਾਲੀ ਮਾਤਾ ਦੇ ਦਰਸ਼ਨਾਂ ਲਈ ਆਟੋ 'ਤੇ ਸਵਾਰ ਹੋ ਕੇ ਜਾ ਰਹੇ ਸੀ ਤਾਂ ਅਚਾਨਕ ਮੁੱਖ ਮਾਰਗ 'ਤੇ ਸਥਿਤ ਗੁਰੂਦੇਵ ਢਾਬਾ ਦੇ ਨੇੜੇ ਚਾਲਕ ਤੋਂ ਆਟੋ ਦਾ ਸੰਤੁਲਨ ਵਿਗੜਨ ਕਾਰਨ ਇਹ ਖਤਾਨਾ 'ਚ ਜਾ ਪਲਟਿਆ।
ਇਸ ਕਾਰਨ ਇੱਕੋ ਪਰਿਵਾਰ ਦੀਆਂ ਤਿੰਨ ਔਰਤਾਂ ਲੱਛਮੀ ਦੇਵੀ (ਪਤਨੀ), ਬਬਲੀ ਕੌਰ (ਸਾਲੇਹਾਰ) ਅਤੇ ਰਾਣੀ ਕੌਰ( ਆਂਟੀ) ਜ਼ਖਮੀ ਗਈਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ਤਪਾ ‘ਚ ਦਾਖ਼ਲ ਕਰਵਾਇਆ ਗਿਆ। ਇਸ ਆਟੋ ‘ਚ ਸਵਾਰ ਪੰਜ ਬੱਚੇ ਅਤੇ ਪੰਜ ਹੋਰ ਸਵਾਰ ਵਾਲ-ਵਾਲ ਬਚ ਗਏ ਪਰ ਬੱਚੇ ਇਸ ਹਾਦਸੇ ਕਾਰਨ ਪੂਰੀ ਤਰ੍ਹਾਂ ਨਾਲ ਘਬਰਾਏ ਹੋਏ ਸਨ। ਮੌਕੇ 'ਤੇ ਹਾਜ਼ਰ ਰਾਹਗੀਰਾਂ ਨੇ ਦੱਸਿਆ ਕਿ ਇਸ ਵਾਹਨ ‘ਚ ਓਵਰਲੋਡ ਸਵਾਰੀਆਂ ਕਾਰਨ ਇਹ ਪਲਟਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਵਾਹਨ ਲੋਕਲ ਲਈ ਹੁੰਦੇ ਹਨ ਨਾ ਕਿ ਦੂਰ-ਦੁਰਾਡੇ ਦੀਆਂ ਸਵਾਰੀਆਂ ਢੋਹਣ ਲਈ। ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰਿਕ ਮੈਂਬਰ ਹਸਪਤਾਲ ਪਹੁੰਚ ਗਏ।