ਪਲਾਟਾਂ ਦੀ ਗਲਤ ਵੰਡ ਕਰਨ ਦਾ ਵਿਰੋਧ ਕਰਨ ਵਾਲੀ ਦਲਿਤ ਬੀਬੀ ਦਾ ਹੋਇਆ ਗਰਭਪਾਤ

06/10/2020 5:50:29 PM

ਬੁਢਲਾਡਾ (ਬਾਂਸਲ): ਦਲਿਤ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ 6 ਮਰਲੇ ਦੇ ਪਲਾਟਾਂ ਦੀ ਗਲਤ ਵੰਡ ਦਾ ਵਿਰੋਧ ਕਰਨ ਵਾਲੀ ਦਲਿਤ ਜਨਾਨੀ ਗਰਭਵਤੀ ਸਰਪੰਚਨੀ ਅਤੇ ਉਸਦੇ ਪਤੀ ਖਿਲਾਫ ਦਰਜ ਕੀਤੇ ਗਏ ਝੂਠੇ ਮੁਕੱਦਮੇ ਤੋਂ ਬਾਅਦ ਜੇਲ੍ਹ ਭੇਜਣ ਦੇ ਦਬਾਅ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨੀ ਚੱਲਦਿਆਂ ਪੇਟ 'ਚ ਪੱਲ ਰਹੇ ਬੱਚੇ ਦਾ ਗਰਭਪਾਤ ਹੋ ਗਿਆ, ਜਿਸ ਸਬੰਧੀ ਪੁਸ਼ਟੀ ਸਰਪੰਚ ਦੇ ਪਤੀ ਬਿੰਦਰ ਸਿੰਘ ਨੇ ਕੀਤੀ। ਇਸ ਮੰਦਭਾਗੀ ਘਟਨਾ ਤੇ ਇਲਾਕੇ ਦੇ ਸੈਕੜੇ ਪੰਚਾਂ ਸਰਪੰਚਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਪੰਚਾਇਤ ਯੂਨੀਅਨ ਦੇ ਸੂਬੇਦਾਰ ਭੋਲਾ ਸਿੰਘ ਹਸਨਪੁਰ ਨੇ ਦੱਸਿਆ ਕਿ ਧੱਕੇਸ਼ਾਹੀ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਸੰਘਰਸ਼ ਦੀ ਅਗਲੀ ਰੂਪ ਰੇਖਾ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਪੰਚਾਂ-ਸਰਪੰਚਾਂ ਦੀ ਇਕ ਹੰਗਾਮੀ ਮੀਟਿੰਗ ਸੱਦੀ ਗਈ ਹੈ। ਇੱਥੇ ਇਹ ਵੀ ਪਤਾ ਲੱਗਿਆ ਹੈ ਕਿ ਇਸ ਘਟਨਾ ਨੂੰ ਲੈ ਕੇ ਧੱਕੇਸ਼ਾਹੀ ਕਰਨ ਵਾਲਿਆਂ ਸਬੰਧੀ ਇਕ ਵਫਦ ਸਾਬਕਾ ਵਿਧਾਇਕ ਮੰਗਤ ਰਾਏ ਦੀ ਅਗਵਾਈ ਹੇਠ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਮਿਲਿਆ ਅਤੇ ਉਨ੍ਹਾਂ ਵਫਦ ਨੂੰ ਭਰੋਸਾ ਦਿੱਤਾ ਕਿ ਧੱਕੇਸ਼ਾਹੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਵਰਣਨਯੋਗ ਹੈ ਕਿ ਜ਼ੇਰੇ ਇਲਾਜ ਸਰਪੰਚਨੀ ਸੰਦੀਪ ਕੌਰ ਵਲੋਂ ਡੀ ਜੀ ਪੀ ਪੰਜਾਬ ਨੂੰ ਇੱਕ ਪੱਤਰ ਲਿਖ ਕੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਕਿ ਜੇਕਰ ਮੇਰੇ ਪੇਟ 'ਚ ਪੱਲ ਰਹੇ ਬੱਚੇ ਦਾ ਗਰਭਪਾਤ ਹੋ ਜਾਂਦਾ ਹੈ ਤਾਂ ਉਸਦੇ ਜਿੰਮੇਵਾਰ ਸਬੰਧਤ ਵਿਅਕਤੀ ਹੋਣਗੇ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ।


Shyna

Content Editor

Related News