PAU ਦੇ ਵਿਦਿਆਰਥੀਆਂ ਦਾ ਅਨੌਖਾ ਪ੍ਰਦਰਸ਼ਨ, ਪੰਜਾਬ ਸਰਕਾਰ ਨੂੰ ਜਗਾਉਣ ਲਈ ਚੁਣਿਆ ਇਹ ਰਾਹ

08/25/2022 2:53:37 PM

ਲੁਧਿਆਣਾ (ਸਲੂਜਾ) : ਪੰਜਾਬ ਖੇਤੀਬਾੜੀ ਯੂਨਿਵਰਸਿਟੀ ਦੇ ਅੰਦੋਲਨਕਾਰੀ ਵਿਦਿਆਰਥੀਆਂ ਨੇ ਅੱਜ ਅੰਦੋਲਨ ਤਹਿਤ ਪੰਜਾਬ ਸਰਕਾਰ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਮੱਝ ਅੱਗੇ ਬੀਨ ਵਜਾ ਕੇ ਮਾਨ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਾਗਣ ਲਈ ਕਿਹਾ। ਵਿਦਿਆਰਥੀਆਂ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਸੱਤਾਧਾਰੀ ਸਰਕਾਰਾਂ ਦੇ ਫੋਕੇ ਬਿਆਨਾਂ ਨਾਲ ਨਹੀਂ ਹੋਵੇਗਾ, ਸਗੋਂ ਅਮਲੀ ਤੌਰ 'ਤੇ ਅਤੇ ਗੰਭੀਰਤਾ ਨਾਲ ਕੰਮ ਕਰਨਾ ਹੋਵੇਗਾ। ਇੱਥੇ ਦੱਸ ਦੇਈਏ ਕਿ ਮੱਝ 'ਤੇ ਲਗਾਏ ਬੈਨਰ ਉੱਪਰ ਪੰਜਾਬ ਦੇ ਮੁੱਖ ਮੰਤਰੀ ਅਤੇ ਪ੍ਰਮੁੱਖ ਸਕੱਤਰ ਦੀ ਫੋਟੋ ਲੱਗੀ ਸੀ।

ਇਹ ਵੀ ਪੜ੍ਹੋ : MP ਪਰਨੀਤ ਕੌਰ ਨੇ ਮਾਨ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਸਰਕਾਰ ਤੋਂ ਮੰਗੇ ਇੱਕ ਹਜ਼ਾਰ ਰੁਪਏ

ਅੰਦੋਲਨਕਾਰੀ ਵਿਦਿਆਰਥੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਮੱਝ ਅੱਗੇ ਬੀਨ ਵਜਾਉਣ ਦਾ ਕੋਈ ਅਸਰ ਨਹੀਂ ਹੁੰਦਾ, ਉਹੀ ਹਾਲ ਪੰਜਾਬ ਸਰਕਾਰ ਦਾ ਹੈ। ਉਨ੍ਹਾਂ ਕਿਹਾ ਪਿਛਲੇ ਲਗਭਗ ਇੱਕ ਮਹੀਨੇ ਤੋਂ ਉਹ ਪੰਜਾਬ ਸਰਕਾਰ ਨੂੰ ਜਗਾਉਣ ਲਈ ਅੰਦੋਲਨ ਦਾ ਰਾਹ ਅਖਤਿਆਰ ਕਰ ਰਹੇ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਅੰਦੋਲਨਕਾਰੀ ਵਿਦਿਆਰਥੀਆਂ ਨੇ ਕਿਹਾ ਕਿ ਪੰਜਾਬ ਖੇਤੀ ਆਧਾਰਿਤ ਸੂਬਾ ਹੈ। ਇੱਥੇ 60 ਤੋਂ 70 ਫੀਸਦੀ ਆਬਾਦੀ ਪਿੰਡਾਂ 'ਚ ਰਹਿੰਦੀ ਹੈ, ਜੇਕਰ ਖੇਤੀ ਮਜ਼ਬੂਤ ​​ਨਹੀਂ ਹੋਵੇਗੀ ਤਾਂ ਪੰਜਾਬ ਦੀ ਆਰਥਿਕਤਾ ਕਿਵੇਂ ਮਜ਼ਬੂਤ ​​ਹੋਵੇਗੀ।

ਇਹ ਵੀ ਪੜ੍ਹੋ : ਵਿਜੀਲੈਂਸ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ 'ਤੇ ਰੱਜ ਕੇ ਵਰ੍ਹੇ ਕਾਂਗਰਸੀ

ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇ ਖੇਤੀਬਾੜੀ ਵਿਭਾਗ 'ਚ 50 ਫੀਸਦੀ ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ। ਸਰਕਾਰ ਵੱਲੋਂ ਇੱਕ ਏ.ਡੀ.ਓ ਨੂੰ 25 ਪਿੰਡਾਂ 'ਚ ਭੇਜ ਕੇ ਖੇਤੀ ਨੂੰ ਪ੍ਰਫੁੱਲਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਤੀ ਪ੍ਰਤੀ ਕਿੰਨੀ ਸੰਜੀਦਾ ਹੈ, ਇਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਸਰਕਾਰ ਵਿਭਾਗ 'ਚ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਭਰਨ ਲਈ ਤਿਆਰ ਨਹੀਂ ਹੈ ਤੇ ਖੇਤੀ ਮਾਹਿਰ ਰੁਜ਼ਗਾਰ ਦੀ ਭਾਲ 'ਚ ਭਟਕ ਰਹੇ ਹਨ।ਅੰਦੋਲਨਕਾਰੀਆਂ ਨੇ ਕਿਹਾ ਕਿ ਸਿਰਫ਼ ਬਿਆਨਬਾਜ਼ੀ ਨਾਲ ਖੇਤੀ 'ਚ ਤਰੱਕੀ ਨਹੀਂ ਹੋਣੀ, ਅਮਲੀ ਰੂਪ 'ਚ ਕਰਨ ਦੀ ਲੋੜ ਹੈ। ਜੇਕਰ ਸਰਕਾਰ ਪੰਜਾਬ 'ਚ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਮੁਹੱਈਆ ਨਹੀਂ ਕਰਵਾਉਂਦੀ ਤਾਂ ਨੌਜਵਾਨ ਕੈਨੇਡਾ ਸਮੇਤ ਹੋਰਨਾਂ ਦੇਸ਼ਾਂ 'ਚ ਜਾਣ ਲਈ ਮਜਬੂਰ ਹਨ।


Anuradha

Content Editor

Related News