ਨਵਜੋਤ ਸਿੱਧੂ ਨਾਲ ਜੇਲ੍ਹ 'ਚ ਤਿੰਨ ਮੈਂਬਰੀ ਵਫ਼ਦ ਨੇ ਕੀਤੀ ਮੁਲਾਕਾਤ, ਨੌਜਵਾਨਾਂ ਨੂੰ ਲਾਇਆ ਇਹ ਸੁਨੇਹਾ
Saturday, May 28, 2022 - 02:59 PM (IST)
ਪਟਿਆਲਾ (ਜੋਸਨ) : ਪਟਿਆਲਾ ਜੇਲ੍ਹ ’ਚ ਬੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਬੀਤੇ ਦਿਨ ਜੇਲ੍ਹ ਦੇ ਰੂਲ ਐਂਡ ਰੈਗੂਲੇਸ਼ਨ ਅਨੁਸਾਰ ਤਿੰਨ ਮੈਂਬਰੀ ਵਫ਼ਦ ਨੇ ਮੁਲਾਕਾਤ ਕੀਤੀ। ਵਫ਼ਦ ’ਚ ਨਵਜੋਤ ਸਿੱਧੂ ਦੀ ਸੁਪਤਨੀ ਡਾ. ਨਵਜੋਤ ਕੌਰ ਸਿੱਧੂ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਸੀਨੀਅਰ ਐਡਵੋਕੇਟ ਐੱਚ. ਪੀ. ਐੱਸ. ਵਰਮਾ ਸ਼ਾਮਿਲ ਸਨ। ਸਾਬਕਾ ਵਿਧਾਇਕ ਹਰਦਿਆਲ ਕੰਬੋਜ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਪੂਰੀ ਚੜ੍ਹਦੀਕਲਾ ’ਚ ਹਨ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਸੂਬੇ ਨੂੰ ਬਚਾਉਣ ਲਈ ਅਗਲੀ ਲੜਾਈ ਲਈ ਤਿਆਰ ਰਹਿਣ। ਉਨ੍ਹਾਂ ਆਖਿਆ ਕਿ ਨੌਜਵਾਨ ਪੰਜਾਬ ਦਾ ਭਵਿੱਖ ਹਨ। ਇਸ ਲਈ ਉਨ੍ਹਾਂ ਨੁੰ ਬਚਾਉਣਾ ਅਤੇ ਸਹੀ ਰਾਹ ਪਾਉਣਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਵੱਡਾ ਦਾਅ ਖੇਡਣ ਦੀ ਤਿਆਰੀ ’ਚ ‘ਆਪ’, ਸੰਤ ਸੀਚੇਵਾਲ ਨੂੰ ਭੇਜਿਆ ਜਾ ਸਕਦੈ ਰਾਜ ਸਭਾ
ਕੰਬੋਜ ਨੇ ਆਖਿਆ ਕਿ ਨਵਜੋਤ ਸਿੱਧੂ ਜੇਲ੍ਹ ਦੇ ਮੈਨੂਅਲ ਅਨੁਸਾਰ ਕੰਮ ਕਰ ਰਹੇ ਹਨ ਅਤੇ ਕੋਈ ਵੀ. ਆਈ. ਪੀ. ਟਰੀਟਮੈਂਟ ਨਹੀਂ ਲੈ ਰਹੇ। ਉਹ ਆਮ ਕੈਦੀਆਂ ਵਾਂਗ ਹੀ ਜੇਲ੍ਹ ਅੰਦਰ ਆਪਣਾ ਸਮਾਂ ਬਤੀਤ ਕਰ ਰਹੇ ਹਨ। ਕੰਬੋਜ ਨੇ ਆਖਿਆ ਕਿ ਉਨ੍ਹਾਂ ਨੂੰ ਕਾਨੂੰਨ ਦੀ ਨਿਆਂ ਪ੍ਰਣਾਲੀ ’ਤੇ ਪੂਰਾ ਭਰੋਸਾ ਹੈ। ਬਹੁਤ ਜਲਦ ਮਾਣਯੋਗ ਸੁਪਰੀਮ ਕੋਰਟ ਉਨ੍ਹਾਂ ਨੂੰ ਜੇਲ੍ਹ ’ਚੋਂ ਬਾਹਰ ਕੱਢ ਦੇਵੇਗੀ।
ਇਹ ਵੀ ਪੜ੍ਹੋ : ਰਾਘਵ ਚੱਢਾ ਦਾ ਦਾਅਵਾ: ਦਿੱਲੀ ’ਚ ਨਾੜ ਸਾੜਨ ਦੀ ਸਮੱਸਿਆ ਹੱਲ ਹੋਈ, ਪੰਜਾਬ ’ਚ ਵੀ ਹੋਵੇਗੀ
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ 34 ਸਾਲ ਪੁਰਾਣੇ ਰੋਡ ਰੇਜ ਮਾਮਲੇ 'ਚ ਸਜ਼ਾ ਹੋਣ ਤੋਂ ਬਾਅਦ ਪਟਿਆਲਾ ਦੀ ਸੈਂਟਰਲ ਜੇਲ੍ਹ ਦੇ ਦਫ਼ਤਰ 'ਚ ਕਲਰਕ ਦੇ ਕੰਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਇਹ ਫ਼ੈਸਲਾ ਸੁਰੱਖਿਆ ਦੇ ਲਿਹਾਜ਼ ਨਾਲ ਲਿਆ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਨਵਜੋਤ ਸਿੱਧੂ ਲਈ ਰਾਜਨੀਤੀ ’ਚ ਲਗਭਗ ਪਿਛਲਾ ਇਕ ਸਾਲ ਵੱਡੇ ਉਤਾਰ-ਚੜਾਅ ਵਾਲਾ ਰਿਹਾ। ਸਿੱਧੂ ਹਾਲਾਂਕਿ ਸਾਲ 2004 ਤੋਂ ਸਰਗਰਮ ਰਾਜਨੀਤੀ ’ਚ ਭਾਗ ਲੈ ਰਹੇ ਹਨ। ਤਿੰਨ ਵਾਰ ਮੈਂਬਰ ਪਾਰਲੀਮੈਂਟ ਅਤੇ ਇਕ ਵਾਰ ਵਿਧਾਇਕ ਅਤੇ ਲਗਭਗ 2 ਸਾਲ ਤੱਕ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਵੀ ਰਹਿ ਚੁੱਕੇ ਹਨ ਪਰ ਪਿਛਲੇ ਸਾਲ ਜੁਲਾਈ ਮਹੀਨੇ ਤੋਂ ਨਵਜੋਤ ਸਿੱਧੂ ਪੰਜਾਬ ਦੀ ਰਾਜਨੀਤੀ ਦਾ ਸਿਤਾਰਾ ਉਦੋਂ ਬਣਨ ਲੱਗੇ ਜਦੋਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕਾਂਗਰਸ ਦੇ ਕੁਝ ਆਗੂਆਂ ਅਤੇ ਮੰਤਰੀਆਂ ਨੇ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਗਾ ਕੇ ਹਾਈਕਮਾਨ ਕੋਲ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਸ਼ੁਰੂ ਕੀਤਾ।
ਨੋਟ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ