ਬਰਸਾਤੀ ਪਾਣੀ ਕਾਰਣ 90 ਏਕੜ ਝੋਨੇ ਦੀ ਫਸਲ ਪਾਣੀ ਦੀ ਮਾਰ ਹੇਠ ਆਈ

Sunday, Jul 21, 2019 - 07:53 PM (IST)

ਬਰਸਾਤੀ ਪਾਣੀ ਕਾਰਣ 90 ਏਕੜ ਝੋਨੇ ਦੀ ਫਸਲ ਪਾਣੀ ਦੀ ਮਾਰ ਹੇਠ ਆਈ

ਜਲਾਲਾਬਾਦ (ਸੇਤੀਆ, ਸੁਮਿਤ)-ਪਿਛਲੇ ਕੁਝ ਦਿਨਾਂ ਤੋਂ ਸੂਬੇ ਭਰ 'ਚ ਬਰਸਾਤਾਂ ਹੋ ਰਹੀਆਂ ਹਨ ਅਤੇ ਇਨ੍ਹਾਂ ਬਰਸਾਤਾਂ ਦਾ ਅਸਰ ਇਹ ਹੈ ਕਿ ਡਰੇਨਾਂ ਦਾ ਓਵਰਫਲੋ ਪਾਣੀ ਜਿਥੇ ਕਿਸਾਨਾਂ ਦੇ ਖੇਤੀਬਾੜੀ ਰਕਬੇ ਨੂੰ ਨਿਸ਼ਾਨਾ ਬਣਾ ਰਿਹਾ ਹੈ ਉੱਥੇ ਹੀ ਕੁਝ ਨੀਵੇਂ ਪਿੰਡ ਵੀ ਬਰਸਾਤ ਦੇ ਪਾਣੀ ਦੀ ਮਾਰ ਹੇਠ ਆ ਰਹੇ ਹਨ। ਇਸੇ ਤਰ੍ਹਾਂ ਜਲਾਲਾਬਾਦ ਦਾ ਪਿੰਡ ਲੱਧੂਵਾਲਾ ਉਤਾੜ ਦਾ ਕਰੀਬ 90 ਏਕੜ ਝੋਨੇ ਦਾ ਰਕਬਾ ਬਰਸਾਤੀ ਪਾਣੀ ਕਾਰਣ ਹੀ ਮਾਰ ਹੇਠ ਆ ਚੁੱਕਾ ਹੈ।

ਬਰਸਾਤੀ ਪਾਣੀ ਨਾਲ ਪ੍ਰਭਾਵਿਤ ਹੋਏ ਝੋਨੇ ਦਾ ਜਾਇਜ਼ਾ ਲੈਣ ਲਈ ਕਾਂਗਰਸ ਕਮੇਟੀ ਦੇ ਸੂਬਾ ਸਪੋਕਸਮੈਨ ਰਾਜ ਬਖਸ਼ ਕੰਬੋਜ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਕਿਸਾਨਾਂ ਦਾ ਹਾਲ ਜਾਣਿਆ। ਕਿਸਾਨ ਜਗਸੀਰ ਸਿੰਘ, ਨਛੱਤਰ ਸਿੰਘ, ਕਾਬਲ ਸਿੰਘ, ਸਾਹਿਬ ਸਿੰਘ, ਭਜਨ ਸਿੰਘ, ਗੁਰਜੰਟ ਸਿੰਘ ਨੇ ਦੱਸਿਆ ਕਿ ਲੱਧੂਵਾਲਾ ਉਤਾੜ ਦਾ ਰਕਬਾ ਕਾਫੀ ਨੀਵਾਂ ਹੈ ਅਤੇ ਅਕਸਰ ਹੀ ਜਦੋਂ ਬਰਸਾਤਾਂ ਹੁੰਦੀਆਂ ਹਨ ਤਾਂ ਆਸ-ਪਾਸ ਪਿੰਡਾਂ ਦਾ ਪਾਣੀ ਉਕਤ ਪਿੰਡ ਦੇ ਖੇਤੀਬਾੜੀ ਰਕਬੇ ਨੂੰ ਮਾਰ ਕਰਦਾ ਹੈ ਅਤੇ ਇਸ ਵਾਰ ਵੀ ਜਿੱਥੇ ਡਰੇਨ ਦਾ ਓਵਰਫਲੋ ਪਾਣੀ ਖੇਤਾਂ 'ਚ ਝੋਨੇ ਦੀ ਫਸਲ ਡੋਬ ਰਿਹਾ ਹੈ ਉੱਥੇ ਹੀ ਖੇਤੀਬਾੜੀ ਰਕਬਾ ਨੀਵਾਂ ਹੋਣ ਕਾਰਣ ਆਸ-ਪਾਸ ਪਿੰਡਾਂ ਦੇ ਬਰਸਾਤੀ ਪਾਣੀ ਨੇ ਵੀ ਲੱਧੂਵਾਲਾ ਅੰਦਰ ਮਾਰ ਮਾਰੀ ਹੈ। ਰਾਜ ਬਖਸ਼ ਕੰਬੋਜ ਨੇ ਕਿਹਾ ਕਿ ਉਹ ਜਲਦ ਹੀ ਇਸ ਸਬੰਧੀ ਪ੍ਰਸ਼ਾਸਨ ਅਤੇ ਸਰਕਾਰ ਨੂੰ ਕਿਸਾਨਾਂ ਦੀਆਂ ਬਰਬਾਦ ਹੋਈਆਂ ਫਸਲਾਂ ਦੀ ਗਿਰਦਾਵਰੀ ਕਰਵਾਉਣ ਲਈ ਆਵਾਜ਼ ਚੁੱਕਣਗੇ ਤਾਂ ਜੋ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾ ਸਕੇ।


author

Karan Kumar

Content Editor

Related News