ਕਤਲ ਦੇ ਦੋਸ਼ ’ਚ 5 ਨੂੰ ਉਮਰ ਕੈਦ ਤੇ ਜੁਰਮਾਨਾ

01/24/2019 1:06:25 AM

ਲੁਧਿਆਣਾ, (ਮਹਿਰਾ)– ਕਤਲ ਦੇ ਦੋਸ਼ ਵਿਚ ਵਧੀਕ ਸੈਸ਼ਨ ਜੱਜ ਅੰਜਨਾ ਦੀ ਅਦਾਲਤ ਨੇ ਸਾਹਨੇਵਾਲ ਵਾਸੀ ਗੁਰਪ੍ਰੀਤ ਸਿੰਘ ਗੋਪੀ, ਦਿਲਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਅਰਵਿੰਦਰ ਸਿੰਘ ਅਤੇ ਸੰਦੀਪ ਸਿੰਘ ਨੂੰ ਉਮਰ ਕੈਦ ਅਤੇ 20-20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਉਕਤ ਮਾਮਲਾ ਮ੍ਰਿਤਕ ਗੁਰਜੀਤ ਸਿੰਘ ਦੇ ਬੇਟੇ ਹਰਜੋਤ ਸਿੰਘ ਉਰਫ ਜੋਤੀ ਵਲੋਂ 9 ਸਤੰਬਰ 2014 ਨੂੰ ਪੁਲਸ ਥਾਣਾ ਸਾਹਨੇਵਾਲ ’ਚ ਦਰਜ ਕਰਵਾਇਆ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਉਂਦੇ ਹੋਏ ਪੁਲਸ ਨੂੰ ਦੱਸਿਆ ਕਿ ਉਸਦਾ ਪਿਤਾ ਗੁਰਜੀਤ ਸਿੰਘ ਖੇਤੀਬਾਡ਼ੀ ਦਾ ਕੰਮ ਕਰਦਾ ਸੀ ਤੇ ਵਾਰਦਾਤ ਵਾਲੇ ਦਿਨ ਉਹ ਆਪਣੇ ਪਿਤਾ ਨਾਲ ਪਿੰਡ ਗੁੱਗਾ ਮਾਡ਼ੀ ਦਾ ਮੇਲਾ ਦੇਖਣ ਗਏ ਹੋਏ ਸਨ। ਰਾਤ ਲਗਭਗ 9.30 ਵਜੇ ਮਨਦੀਪ ਸਿੰਘ ਨੂੰ ਅਮਰਿੰਦਰ ਸਿੰਘ ਦਾ ਫੋਨ ਆਇਆ ਕਿ ਦਿਲਪ੍ਰੀਤ ਸਿੰਘ ਅਤੇ ਸੰਨੀ ਨੇਡ਼ੇ ਹੀ ਸਥਿਤ ਵਰਮਾ ਕਰਿਆਨਾ ਸਟੋਰ ਦੇ ਬਾਹਰ ਖਡ਼੍ਹੇ ਹੋ ਕੇ ਉਨ੍ਹਾਂ ਨੂੰ ਗਾਲ੍ਹਾਂ ਕੱਢ ਰਹੇ ਸਨ। ਜਿਸ ’ਤੇ ਸ਼ਿਕਾਇਤ ਕਰਤਾ ਅਤੇ ਉਸਦੇ ਪਿਤਾ ਗੁਰਜੀਤ ਸਿੰਘ, ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ, ਜਸਕਰਨ ਸਿੰਘ ਅਤੇ ਜਤਿੰਦਰ ਸਿੰਘ ਮੌਕੇ ’ਤੇ ਪੁੱਜੇ। ਸ਼ਿਕਾਇਤਕਰਤਾ ਦੇ ਪਿਤਾ ਨੇ ਦਿਲਪ੍ਰੀਤ ਸਿੰਘ ਅਤੇ ਸੰਨੀ ਨੂੰ ਸਮਝਾ ਕੇ ਉਨ੍ਹਾਂ ਦੇ ਘਰ ਵਾਪਸ ਭੇਜ ਦਿੱਤਾ। ਸ਼ਿਕਾਇਤਕਰਤਾ ਅਤੇ ਉਸਦਾ ਪਿਤਾ ਮੌਕੇ ’ਤੇ ਖਡ਼੍ਹੇ ਹੀ ਸਨ ਕਿ ਉਕਤ ਮੁਲਜ਼ਮ ਹਥਿਆਰਾਂ ਨਾਲ ਲੈਸ ਹੋ ਕੇ ਉਥੇ ਆ ਗਏ ਅਤੇ ਪਿਸਤੋਲ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਸ਼ਿਕਾਇਤਕਰਤਾ ਦੇ ਪਿਤਾ ਅਤੇ ਹੋਰਾਂ ’ਤੇ ਹਮਲਾ ਕਰ ਦਿੱਤਾ। ਲੋਕਾਂ ਦੇ ਇਕੱਠਾ ਹੋਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਬਾਅਦ ਵਿਚ ਸ਼ਿਕਾਇਤਕਰਤਾ ਦੇ ਪਿਤਾ ਦੀ ਹਸਪਤਾਲ ’ਚ ਮੌਤ ਹੋ ਗਈ। ਜਦਕਿ ਹੋਰ ਦੂਜੇ ਲੋਕ ਜ਼ਖ਼ਮੀ ਹਾਲਤ ਵਿਚ ਪਏ ਸਨ। ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ।  ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਅਤੇ ਸਬੂਤਾਂ ਨੂੰ ਦੇਖਣ ਦੇ ਬਾਅਦ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਹੋਏ ਉਕਤ ਸਜ਼ਾ ਸੁਣਾਈ। 


Related News