ਕੋਰੋਨਾ ਨਾਲ 46 ਸਾਲਾ ਵਿਅਕਤੀ ਦੀ ਮੌਤ, 21 ਪਾਜ਼ੇਟਿਵ
Wednesday, Jan 12, 2022 - 10:30 AM (IST)

ਮਾਨਸਾ (ਜੱਸਲ) : ਪੰਜਾਬ ਅੰਦਰ ਕੋਰੋਨਾ ਕੇਸਾਂ ’ਚ ਮੁੜ ਵਾਧਾ ਹੋਣ ਕਾਰਨ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਭਾਵੇਂ ਸਿਹਤ ਵਿਭਾਗ ਵੱਲੋਂ ਇਸ ਨੂੰ ਰੋਕਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਪਰ ਫਿਰ ਵੀ ਲੋਕਾਂ ਨੂੰ ਇਸ ਸਬੰਧੀ ਸਾਵਧਾਨੀਆਂ ਵਰਤਣ ਦੀ ਅਹਿਮ ਲੋੜ ਹੈ। ਸਿਹਤ ਵਿਭਾਗ ਵੱਲੋਂ ਇਸ ਸਬੰਧੀ ਟੀਮਾਂ ਬਣਾ ਕੇ ਰੋਜ਼ਾਨਾ ਟੈਸਟਿੰਗ ਕਰਨ ਦੇ ਨਾਲ ਲੋਕਾਂ ਦੀ ਵੈਕਸੀਨ ਵੀ ਕੀਤੀ ਜਾ ਰਹੀ ਹੈ। ਲੋਕਾਂ ਨੂੰ ਆਪਣੀ ਸਿਹਤ ਸੁਰੱਖਿਅਤ ਰੱਖਣ ਲਈ ਹੱਥ ਧੋਣ, ਮਾਸਕ ਪਹਿਨਣ ਅਤੇ ਆਪਸੀ ਫਾਸਲਾ ਬਣਾਉਣ ਲਈ ਲਗਾਤਾਰ ਸੁਚੇਤ ਕੀਤਾ ਜਾ ਰਿਹਾ ਹੈ।
ਸਿਵਲ ਸਰਜਨ ਮਾਨਸਾ ਡਾ. ਹਰਜੰਘ ਨੇ ਦੱਸਿਆ ਕਿ ਹੁਣ ਤਕ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲੇ ਭਰ ’ਚ ਕੋਰੋਨਾ ਦੇ ਲਏ ਸੈਂਪਲਾਂ ’ਚ ਅੱਜ 21 ਨਵੇਂ ਕੋਰੋਨਾ ਕੇਸ ਸਾਹਮਣੇ ਆਉਣ ’ਤੇ ਐਕਟਿਵ ਮਰੀਜ਼ਾਂ ਦੀ ਗਿਣਤੀ 95 ’ਤੇ ਪਹੁੰਚ ਗਈ ਹੈ, ਜਿਨ੍ਹਾਂ ਨੂੰ ਸਿਹਤ ਵਿਭਾਗ ਨੇ ਇਕਾਂਤਵਾਸ ਕਰ ਦਿੱਤਾ ਹੈ। ਜਦੋਂ ਕਿ ਅੱਜ ਕੋਰੋਨਾ ਨਾਲ ਬਲਾਕ ਖਿਆਲਾ ਕਲਾਂ ਨਾਲ ਸਬੰਧਤ 46 ਸਾਲਾ ਇਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ, ਜੋ ਕਿ ਆਦੇਸ਼ ਹਸਪਤਾਲ ਬਠਿੰਡਾ ਵਿਖੇ ਇਲਾਜ ਅਧੀਨ ਸੀ।
ਇਹ ਵੀ ਪੜ੍ਹੋ : ਅਕਾਲੀ ਦਲ ਨਾਲ ਸਮਝੌਤੇ ਵਾਲੀਆਂ 20 ਸੀਟਾਂ ’ਤੇ ਰੀਵਿਊ ਕਰੇਗੀ ਬਸਪਾ
ਕੋਰੋਨਾ ਸੈਂਪਲਿੰਗ ਟੀਮ ਦੇ ਜ਼ਿਲਾ ਇੰਚਾਰਜ ਡਾ. ਰਣਜੀਤ ਰਾਏ ਨੇ ਦੱਸਿਆ ਕਿ ਇਸ ਮਹਾਮਾਰੀ ਨੂੰ ਕਾਬੂ ਪਾਉਣ ਲਈ ਅੱਜ 666 ਮਰੀਜ਼ਾਂ ਦੀ ਸੈਂਪਲਿੰਗ ਕੀਤੀ ਗਈ ਹੈ ਅਤੇ ਹੁਣ ਤਕ ਲਏ ਕੋਰੋਨਾ ਸੈਂਪਲਾਂ ਦੀ ਕੁੱਲ ਗਿਣਤੀ 346827 ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ ਜ਼ਿਲੇ ਭਰ ’ਚ 15708 ਮਰੀਜ਼ ਪਾਜ਼ੇਟਿਵ ਪਾਏ ਗਏ ਹਨ, ਜਦਕਿ 15231 ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਵਾਪਸ ਪਰਤ ਗਏ ਹਨ। ਪੂਰੇ ਜ਼ਿਲੇ ਅੰਦਰ ਇਸ ਮਹਾਮਾਰੀ ਨਾਲ 382 ਮੌਤਾਂ ਹੋ ਚੁੱਕੀਆਂ ਹਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?