ਸ਼ਹਿਰ ''ਚ ਲੱਗੇ 450 ਮੋਬਾਇਲ ਟਾਵਰਾਂ ਨੇ ਨਹੀਂ ਭਰਿਆ ਪ੍ਰਾਪਰਟੀ ਟੈਕਸ, ਨੋਟਿਸ ਜਾਰੀ

11/14/2019 11:32:10 AM

ਪਟਿਆਲਾ (ਬਲਜਿੰਦਰ)—ਤਿਉਹਾਰਾਂ ਤੋਂ ਬਾਅਦ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਨੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਖਿਲਾਫ ਸਖਤੀ ਸ਼ੁਰੂ ਕਰ ਦਿੱਤੀ ਹੈ। ਜਿਹੜੇ ਯੂਨਿਟਾਂ ਵੱਲੋਂ ਪ੍ਰਾਪਰਟੀ ਟੈਕਸ ਨਹੀਂ ਭਰਿਆ ਗਿਆ, ਅਜਿਹੇ 10 ਹਜ਼ਾਰ ਡਿਫਾਲਟਰਾਂ ਨੂੰ ਨਗਰ ਨਿਗਮ ਨੇ ਨੋਟਿਸ ਜਾਰੀ ਕਰਨ ਤੋਂ ਬਾਅਦ 450 ਸ਼ਹਿਰਾਂ ਵਿਚ ਲੱਗੇ ਮੋਬਾਇਲ ਟਾਵਰਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਨੂੰ ਵੀ ਨੋਟਿਸ ਭੇਜੇ ਹਨ। ਹੁਣ ਤੱਕ ਉਨ੍ਹਾਂ ਟਾਵਰਾਂ ਦੇ ਟੈਕਸ ਭਰਨ ਵਿਚ ਵੱਡੀ ਮੁਸ਼ਕਲ ਬਣੀ ਹੋਈ ਸੀ ਕਿ ਟੈਕਸ ਮਕਾਨ ਮਾਲਕ ਵੱਲੋਂ ਭਰਿਆ ਜਾਏਗਾ ਜਾਂ ਕੰਪਨੀ ਵੱਲੋਂ। ਜਿਹੜੀ ਕੰਪਨੀ ਵੱਲੋਂ ਆਪਣੇ ਐਗਰੀਮੈਂਟ ਵਿਚ ਮਕਾਨ ਮਾਲਕਾਂ ਨੇ ਟੈਕਸ ਭਰਨ ਦਾ ਐਗਰੀਮੈਂਟ ਕੀਤਾ ਹੈ, ਉਨ੍ਹਾਂ ਨੂੰ ਸਿੱਧੇ ਤੌਰ 'ਤੇ ਨੋਟਿਸ ਜਾਰੀ ਕੀਤੇ ਗਏ ਹਨ। ਕਈ ਕੰਪਨੀਆਂ ਵੱਲੋਂ ਟਾਵਰ ਦਾ ਪ੍ਰਾਪਰਟੀ ਟੈਕਸ ਭਰਨ ਦਾ ਐਗਰੀਮੈਂਟ ਕੀਤਾ ਗਿਆ ਹੈ। ਉਨ੍ਹਾਂ ਹਾਲਤਾਂ ਵਿਚ ਕੰਪਨੀ ਦਾ ਨੋਟਿਸ ਵੀ ਮਕਾਨ ਮਾਲਕ ਨੂੰ ਹੀ ਭੇਜਿਆ ਗਿਆ ਹੈ।

ਪ੍ਰਾਪਰਟੀ ਟੈਕਸ ਬ੍ਰਾਂਚ ਦੇ ਸੁਪਰਡੈਂਟ ਰਮਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਇਹ ਭੰਬਲਭੂਸਾ ਬਣਿਆ ਹੋਇਆ ਸੀ ਕਿ ਮੋਬਾਇਲ ਟਾਵਰਾਂ ਦਾ ਟੈਕਸ ਕੌਣ ਭਰੇਗਾ? ਹੁਣ ਤੱਕ ਟਾਵਰਾਂ ਦੇ ਮਾਮਲੇ ਵਿਚ ਨਿਗਮ ਨੂੰ ਪ੍ਰਾਪਰਟੀ ਟੈਕਸ ਨਹੀਂ ਸੀ ਪਹੁੰਚ ਰਿਹਾ। ਉਂਝ ਨਗਰ ਨਿਗਮ ਵੱਲੋਂ ਹਾਲ ਹੀ ਵਿਚ 10 ਹਜ਼ਾਰ ਪ੍ਰਾਪਰਟੀ ਟੈਕਸ ਡਿਫਾਲਟਰਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਨੂੰ ਨੋਟਿਸ ਭੇਜੇ ਗਏ ਸਨ। ਉਨ੍ਹਾਂ ਨੂੰ 31 ਦਸੰਬਰ 2019 ਤੱਕ ਟੈਕਸ ਭਰਨ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ 1 ਜਨਵਰੀ 2020 ਤੋਂ ਨਿਗਮ ਵੱਲੋਂ 10 ਫੀਸਦੀ ਪੈਨਲਟੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। 31 ਮਾਰਚ 2020 ਤੋਂ ਬਾਅਦ ਇਹ ਪੈਨਲਟੀ ਵਧ ਕੇ 20 ਫੀਸਦੀ ਹੋ ਜਾਵੇਗੀ। ਨਗਰ ਨਿਗਮ ਵੱਲੋਂ ਪਹਿਲਾਂ ਸਮੁੱਚੇ ਵਾਰਡਾਂ ਵਿਚ ਕੈਂਪ ਲਾ ਕੇ ਸ਼ਹਿਰ ਦੇ ਲੋਕਾਂ ਨੂੰ ਪ੍ਰਾਪਰਟੀ ਟੈਕਸ ਭਰਨ ਦੀ ਸਹੂਲਤ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਜਿਹੜੇ ਪ੍ਰਾਪਰਟੀ ਟੈਕਸ ਭਰਨ ਵਾਲਿਆਂ ਨੂੰ ਨਿਗਮ ਵੱਲੋਂ ਵਿਸ਼ੇਸ਼ ਛੋਟ ਵੀ ਦਿੱਤੀ ਗਈ ਸੀ। ਹੁਣ 31 ਦਸੰਬਰ ਤੋਂ ਬਾਅਦ ਨਿਗਮ ਨੇ ਐਲਾਨ ਕੀਤਾ ਹੈ ਕਿ ਜਿਹੜੇ ਡਿਫਾਲਟਰਾਂ ਵੱਲੋਂ ਟੈਕਸ ਨਹੀਂ ਭਰਿਆ ਜਾਵੇਗਾ, ਉਨ੍ਹਾਂ ਨੂੰ ਪੈਨਲਟੀ ਲਾਈ ਜਾਵੇਗੀ।

ਪ੍ਰਾਪਰਟੀ ਟੈਕਸ ਦੀ ਰਿਕਵਰੀ 12 ਕਰੋੜ ਤੱਕ ਪਹੁੰਚੀ
ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਰਿਕਵਰੀ 12 ਕਰੋੜ ਤੱਕ ਪਹੁੰਚ ਗਈ ਹੈ। ਨਗਰ ਨਿਗਮ ਵੱਲੋਂ ਇਸ ਸਾਲ ਦੇ ਬਜਟ ਵਿਚ 28 ਕਰੋੜ ਰੁਪਏ ਪ੍ਰਾਪਰਟੀ ਟੈਕਸ ਤੋਂ ਕਮਾਉਣ ਦੀ ਯੋਜਨਾ ਬਣਾਈ ਗਈ ਸੀ। ਇਨ੍ਹਾਂ ਵਿਚੋਂ ਲਗਭਗ ਢਾਈ ਕਰੋੜ ਰੁਪਏ ਪੁਰਾਣੇ ਹਾਊਸ ਟੈਕਸ ਦੇ ਬਕਾਇਆ ਹਨ। ਬਾਕੀ ਪ੍ਰਾਪਰਟੀ ਟੈਕਸ ਤੋਂ ਇਕੱਠੇ ਕਰਨ ਦਾ ਟੀਚਾ ਰੱਖਿਆ ਗਿਆ ਸੀ। ਇਨ੍ਹਾਂ ਵਿਚੋਂ 12 ਕਰੋੜ ਰੁਪਏ ਰਿਕਵਰ ਹੋ ਚੁੱਕੇ ਹਨ। ਲਗਭਗ 50 ਫੀਸਦੀ ਨਿਗਮ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਨੇ ਆਪਣਾ ਟੀਚਾ ਪੂਰਾ ਕਰ ਲਿਆ ਹੈ। ਦੱਸਣਯੋਗ ਹੈ ਕਿ ਨਗਰ ਨਿਗਮ ਦੀ ਕਮਾਈ ਵਾਲੀਆਂ ਬ੍ਰਾਂਚਾਂ ਵਿਚੋਂ ਪ੍ਰਾਪਰਟੀ ਟੈਕਸ ਵੀ ਇਕ ਅਹਿਮ ਬ੍ਰਾਂਚ ਹੈ।

ਸ਼ਹਿਰ 'ਚ 1 ਲੱਖ 40 ਹਜ਼ਾਰ ਯੂਨਿਟ ਪ੍ਰਾਪਰਟੀ ਟੈਕਸ ਭਰਨ ਵਾਲੇ ਸਾਹਮਣੇ ਆਏ
ਪਟਿਆਲਾ ਸ਼ਹਿਰ ਵਿਚ 1 ਲੱਖ 40 ਹਜ਼ਾਰ ਪ੍ਰਾਪਰਟੀ ਟੈਕਸ ਭਰਨ ਵਾਲੇ ਯੂਨਿਟ ਸਾਹਮਣੇ ਆਏ ਹਨ। ਪਹਿਲਾਂ 75 ਤੋਂ 80 ਹਜ਼ਾਰ ਯੂਨਿਟ ਹੀ ਨਗਰ ਨਿਗਮ ਦੇ ਰਿਕਾਰਡ ਵਿਚ ਬੋਲਦੇ ਸਨ। ਸਰਵੇ ਪੂਰਾ ਕਰਨ ਤੋਂ ਬਾਅਦ ਇਹ ਅੰਕੜਾ ਸਾਹਮਣੇ ਆਇਆ ਹੈ। 1 ਲੱਖ 40 ਹਜ਼ਾਰ ਯੂਨਿਟ ਵੱਡਾ ਟੀਚਾ ਹੈ ਅਤੇ ਨਗਰ ਨਿਗਮ ਜੇਕਰ ਸਮੁੱਚੇ ਯੂਨਿਟਾਂ ਤੋਂ ਆਪਣਾ ਪ੍ਰਾਪਰਟੀ ਟੈਕਸ ਭਰਵਾਉਣ ਵਿਚ ਸਫਲ ਹੋ ਜਾਂਦੀ ਹੈ ਤਾਂ ਨਿਸ਼ਚਿਤ ਤੌਰ 'ਤੇ ਨਗਰ ਨਿਗਮ ਦੀ ਆਰਥਕ ਹਾਲਤ ਨੂੰ ਵੱਡਾ ਹੁਲਾਰਾ ਮਿਲੇਗਾ। ਉਂਝ ਇਥੇ ਦੱਸਣਯੋਗ ਹੈ ਕਿ ਨਗਰ ਨਿਗਮ ਵੱਲੋਂ ਜਿਹੜੇ ਨੋਟਿਸ ਜਾਰੀ ਕੀਤੇ ਗਏ ਹਨ, ਉਨ੍ਹਾਂ ਵਿਚ ਵੱਡੇ ਯੂਨਿਟਾਂ ਨੂੰ ਪਹਿਲ ਦੇ ਆਧਾਰ 'ਤੇ ਨੋਟਿਸ ਜਾਰੀ ਕਰ ਕੇ ਪ੍ਰਾਪਰਟੀ ਟੈਕਸ ਭਰਨ ਲਈ ਕਿਹਾ ਗਿਆ ਹੈ। ਇਨ੍ਹਾਂ ਵਿਚੋਂ ਵੱਡੇ ਵਪਾਰਕ ਅਦਾਰੇ, ਇੰਡਸਟਰੀਆਂ, ਸਕੂਲ ਅਤੇ ਸਰਕਾਰੀ ਵਿਭਾਗ ਵਿਸ਼ੇਸ਼ ਤੌਰ 'ਤੇ ਸ਼ਾਮਲ ਹਨ।


Shyna

Content Editor

Related News