ਹੈਰੋਇਨ ਸਮੱਗਲਿੰਗ ਦੇ ਮਾਮਲਿਆਂ ’ਚ 4 ਨੂੰ ਸਜ਼ਾ
Thursday, Nov 29, 2018 - 04:05 AM (IST)

ਮੋਗਾ, (ਸੰਦੀਪ)- ਜ਼ਿਲਾ ਅਤੇ ਵਧੀਕ ਸੈਸ਼ਨ ਜੱਜ ਚਰਨਜੀਤ ਅਰੋਡ਼ਾ ਦੀ ਅਦਾਲਤ ਨੇ ਹੈਰੋਇਨ ਸਮੱਗਲਿੰਗ ’ਚ ਸ਼ਾਮਲ ਦੋ ਵੱਖ-ਵੱਖ ਮਾਮਲਿਆਂ ’ਚ ਦੋ ਦੋਸ਼ੀਆਂ ਨੂੰ 1-1 ਸਾਲ ਦੀ ਕੈਦ ਅਤੇ 5-5 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਹੈ। ਮਾਨਯੋਗ ਅਦਾਲਤ ਵੱਲੋਂ ਜ਼ੁਰਮਾਨਾ ਨਾ ਭਰਨ ਦੀ ਸੂਰਤ ’ਚ ਦੋਸ਼ੀਆਂ ਨੂੰ 2-2 ਮਹੀਨੇ ਵਾਧੂ ਸਜ਼ਾ ਵੀ ਕੱਟਣ ਦਾ ਹੁਕਮ ਦਿੱਤਾ ਹੈ। ਜਾਣਕਾਰੀ ਮੁਤਾਬਕ ਥਾਣਾ ਫਤਿਹਗਡ਼੍ਹ ਪੰਜਤੂਰ ਪੁਲਸ ਵੱਲੋਂ 27 ਫਰਵਰੀ 2014 ਨੂੰ ਪਿੰਡ ਦੌਲੇਵਾਲਾ ਨਿਵਾਸੀ ਭਗਵਾਨ ਸਿੰਘ ਨੂੰ ਫਤਿਹਗਡ਼੍ਹ ਪੰਜਤੂਰ ਤੋਂ ਸੈਦੇਸ਼ਾਹ ਵਾਲਾ ਲਿੰਕ ਰੋਡ ’ਤੇ 35 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ। ਇਸੇ ਤਰ੍ਹਾਂ ਦੂਸਰੇ ਮਾਮਲੇ ’ਚ ਥਾਣਾ ਫਤਿਹਗਡ਼੍ਹ ਪੰਜਤੂਰ ਪੁਲਸ ਵੱਲੋਂ 11 ਮਾਰਚ 2014 ਨੂੰ ਪਿੰਡ ਮਦਾਰਪੁਰ ਸੰਗੇਡ਼ਾ ਨਿਵਾਸੀ ਸੋਨਾ ਸਿੰਘ ਦੌਲੇਵਾਲਾ ਕੱਸੀ ਪੁਲ ਨੇਡ਼ਿਓ 40 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ। ਦੋਵੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਮੋਗਾ, (ਸੰਦੀਪ)-ਜ਼ਿਲਾ ਅਤੇ ਵਧੀਕ ਸੈਸ਼ਨ ਜੱਜ ਚਰਨਜੀਤ ਅਰੋਡ਼ਾ ਦੀ ਅਦਾਲਤ ਨੇ ਚਾਰ ਸਾਲ ਪਹਿਲਾਂ ਹੈਰੋਇਨ ਸਮੱਗਲਿੰਗ ’ਚ ਨਾਮਜ਼ਦ ਕੀਤੇ ਗਏ ਪਿਤਾ-ਪੁੱਤ ਨੂੰ ਦੋਸ਼ੀ ਕਰਾਰ ਦਿੰਦੇ ਹੋਏ 10-10 ਸਾਲ ਦੀ ਕੈਦ ਅਤੇ 1-1 ਲੱਖ ਰੁਪਏ ਜ਼ੁਰਮਾਨਾ ਭਰਨ ਦਾ ਹੁਕਮ ਸੁਣਾਇਆ ਹੈ। ਮਾਨਯੋਗ ਅਦਾਲਤ ਵੱਲੋਂ ਜ਼ੁਰਮਾਨਾ ਨਾ ਭਰਨ ਦੀ ਸੂਰਤ ’ਚ ਦੋਸ਼ੀਆਂ ਨੂੰ 1-1 ਸਾਲ ਦੀ ਵਾਧੂ ਕੈਦ ਵੀ ਕੱਟਣ ਦਾ ਹੁਕਮ ਦਿੱਤਾ ਹੈ। ਜਾਣਕਾਰੀ ਅਨੁਸਾਰ ਥਾਣਾ ਕੋਟ ਈਸੇ ਖਾਂ ਪੁਲਸ ਵੱਲੋਂ 6 ਫਰਵਰੀ 2014 ਨੂੰ ਗੁਪਤ ਸੂਚਨਾਂ ਦੇ ਅਾਧਾਰ ’ਤੇ ਪਿੰਡ ਮੇਲਕ ਕੰਗਾਂ ਨਿਵਾਸੀ ਵਿਰਸਾ ਸਿੰਘ ਅਤੇ ਉਸ ਦੇ ਪੁੱਤਰ ਵਿਸਾਖਾ ਸਿੰਘ ਨੂੰ ਧਰਮ ਸਿੰਘ ਵਾਲਾ ਨੇਡ਼ਿਓ ਉਨ੍ਹਾਂ ਦੇ ਮੋਟਰਸਾਈਕਲ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਦੌਰਾਨ 255 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਪੁਲਸ ਵੱਲੋਂ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਅਦਾਲਤ ਵੱਲੋਂ ਇਸ ਮਾਮਲੇ ’ਚ ਅੱਜ ਸਬੂਤਾਂ ਦੇ ਅਾਧਾਰ ’ਤੇ ਆਪਣਾ ਫੈਸਲਾ ਸੁਣਾਇਆ।