ਸੰਘਰਸ਼ ਨੂੰ ਹੋਰ ਤਿਖੇਰਾ ਕਰਨ ਲਈ ਪੱਬਾਂ ਭਾਰ ਹੋਏ 30 ਹਜ਼ਾਰ ਕਿਸਾਨ, ਜਲਦ ਪਹੁੰਚਣਗੇ ਦਿੱਲੀ

12/19/2020 2:21:01 PM

ਭਵਾਨੀਗੜ੍ਹ(ਕਾਂਸਲ):-ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਨੂੰ ਹੋਰ ਸਿਖਰਾਂ ‘ਤੇ ਪਹੁੰਚਾਉਣ ਲਈ 26 ਦਸੰਬਰ ਨੂੰ ਖਨੌਰੀ ਸਰਹੱਦ ਤੋਂ ਤੇ 27 ਦਸੰਬਰ ਨੂੰ ਡੱਬਵਾਲੀ ਸਰਹੱਦ ਤੋਂ 15,15 ਹਜ਼ਾਰ ਦੇ ਨਵੇਂ ਜਥੇ ਦਿੱਲੀ ਵੱਲ ਕੂਚ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਕੀਤਾ।
ਆਗੂਆਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਟੇਕ ਸੰਘਰਸ਼ ਉੱਪਰ ਹੈ ਤੇ ਸੰਘਰਸ਼ ਦੇ ਜ਼ੋਰ ਹੀ ਹੱਕ ਹਾਸਲ ਕੀਤੇ ਜਾ ਸਕਦੇ ਹਨ। ਹੁਣ ਤੱਕ ਦਾ ਤਜਰਬਾ ਇਹੀ ਦੱਸਦਾ ਹੈ ਕਿ ਸੰਘਰਸ਼ ਦਾ ਹੱਕ ਤਿਆਗ ਦੇਣ ਮਗਰੋਂ ਸਰਕਾਰਾਂ ਨਾਲ ਨਾ ਕਿਸੇ ਗੱਲਬਾਤ ਦਾ ਕੋਈ ਅਰਥ ਹੁੰਦਾ ਹੈ ਤੇ ਨਾ ਕਿਸੇ ਅਰਜ਼ੀ/ਪੱਤਰ ਦੀ ਸੁਣਵਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਦੀ ਮੁਕੰਮਲ ਵਾਪਸੀ, ਸਭਨਾਂ ਫ਼ਸਲਾਂ ਤੇ ਸਭਨਾਂ ਸੂਬਿਆਂ ‘ਚ ਐੱਮ. ਐੱਸ. ਪੀ. ਉੱਪਰ  ਸਰਕਾਰੀ ਖ਼ਰੀਦ ਦਾ ਕਾਨੂੰਨੀ ਹੱਕ ਅਤੇ ਸਰਵਜਨਕ ਪੀ. ਡੀ. ਐੱਸ ਵਰਗੀਆਂ ਮੰਗਾਂ ਲਾਗੂ ਕਰਵਾਉਣ ਲਈ ਡਟੇ ਰਹਿਣਗੇ।

PunjabKesari
ਮਾਨਯੋਗ ਸੁਪਰੀਮ ਕੋਰਟ ਵੱਲੋਂ ਕਿਸਾਨ ਅੰਦੋਲਨ ਬਾਰੇ ਕੀਤੀਆਂ ਟਿੱਪਣੀਆਂ ‘ਤੇ ਪ੍ਰਤੀਕਰਮ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਅੰਦਰ ਸੰਘਰਸ਼ ਕਰਨ ਦੇ ਹੱਕ ‘ਤੇ ਮੜ੍ਹੀਆਂ ਪਾਬੰਦੀਆਂ ਦੇ ਦਰਮਿਆਨ ਕਿਸਾਨਾਂ ਨੇ ਆਪਣਾ ਇਹ ਹੱਕ ਪੁਗਾਇਆ ਹੈ ਜਿਸ ਨੂੰ ਸਰਬ ਉੱਚ ਅਦਾਲਤ ਨੇ ਵੀ ਪ੍ਰਵਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਬਣਾ ਕੇ ਮਸਲੇ ਬਾਰੇ ਚਰਚਾ ਕਰਨ ਦੀ ਜ਼ਰੂਰਤ ਤਾਂ ਪੈਦਾ ਹੁੰਦੀ ਹੈ ਜੇਕਰ ਸਮਾਜ ਦੇ ਕਿਸੇ ਹਿੱਸੇ ’ਚ ਇਨ੍ਹਾਂ ਕਾਨੂੰਨਾਂ ਬਾਰੇ ਕੋਈ ਵੱਖਰੀ ਰਾਏ ਮੌਜੂਦ ਹੋਵੇ ਜਦ ਕੇ ਮੁਲਕ ਦੇ ਕਿਸਾਨ ਤਾਂ ਕਾਨੂੰਨਾਂ ਖ਼ਿਲਾਫ਼ ਲੱਖਾਂ ਦੀ ਤਦਾਦ ‘ਚ ਸੜਕਾਂ ‘ਤੇ ਨਿੱਤਰ ਆਏ ਹਨ ਤੇ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਹਨ, ਮੁਲਕ ਦੇ ਬੁੱਧੀਜੀਵੀ ਤੇ ਹੋਰ ਜਮਹੂਰੀ ਹਿੱਸੇ ਵੀ ਇਨ੍ਹਾਂ ਕਾਨੂੰਨਾਂ ਨੂੰ ਸਮਾਜ ਵਿਰੋਧੀ ਤੇ ਕਿਸਾਨ ਵਿਰੋਧੀ ਕਰਾਰ ਦੇ ਰਹੇ ਹਨ ਤੇ ਇਨ੍ਹਾਂ ਨੂੰ ਫੌਰੀ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਹ ਸਮੂਹਿਕ ਲੋਕ ਰਜ਼ਾ ਹੈ ਜਿਸ ਦਾ ਕੇਂਦਰ ਸਰਕਾਰ ਨੂੰ ਸਨਮਾਨ ਕਰਨਾ ਚਾਹੀਦਾ ਹੈ ਤੇ ਮਾਣਯੋਗ ਅਦਾਲਤ ਨੂੰ ਚਾਹੀਦਾ ਹੈ ਕਿ ਉਹ ਕੇਂਦਰ ਸਰਕਾਰ ਨੂੰ ਇਸ ਰਜ਼ਾ ਦਾ ਸਨਮਾਨ ਕਰਨ ਲਈ ਕਹੇ। ਉਨ੍ਹਾਂ ਕਿਹਾ ਕਿ ਅਜੇ ਇਹ ਸਰਵਉੱਚ ਅਦਾਲਤ ਵੱਲੋਂ ਦਿੱਤੇ ਗਏ ਸੁਝਾਅ ਹਨ ਜਦੋਂ ਕਿ ਪੂਰੀ ਪੁਜੀਸ਼ਨ ਤਾਂ ਅਦਾਲਤ ਵੱਲੋਂ ਕੋਈ ਠੋਸ ਕਦਮ ਆਉਣ ਮਗਰੋਂ ਹੀ ਤੈਅ ਕੀਤੀ ਜਾ ਸਕੇਗੀ ਜਾਂ ਅਦਾਲਤ ਵੱਲੋਂ ਕਿਸਾਨ ਜਥੇਬੰਦੀਆਂ ਕੋਲ ਪਹੁੰਚ ਕਰਨ ਦੀ ਹਾਲਤ ‘ਚ ਕੁਝ ਜ਼ਿਆਦਾ ਕਿਹਾ ਜਾ ਸਕਦਾ ਹੈ।

PunjabKesari
ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਲੋਕਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ, ਇਹ ਕੁਰਬਾਨੀ ਦਿੱਲੀ ਮੋਰਚੇ ‘ਚ ਡਟੇ ਲੋਕਾਂ ਦੇ ਰੋਹ ਨੂੰ ਹੋਰ ਉਤਸ਼ਾਹਿਤ ਕਰ ਰਹੀ ਹੈ ਤੇ ਲੋਕ ਸਿਦਕਦਿਲੀ ਨਾਲ ਇਨ੍ਹਾਂ ਕੁਰਬਾਨੀਆਂ ਨੂੰ ਸਹਿਣ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 20 ਦਸੰਬਰ ਨੂੰ ਪੰਜਾਬ ਦੇ ਪਿੰਡ ਪਿੰਡ ਅੰਦਰ ਇਕੱਤਰਤਾਵਾਂ ਕੀਤੀਆਂ ਜਾਣਗੀਆਂ ਤੇ ਲੋਕ ਮਨਾਂ ਅੰਦਰ ਉਨ੍ਹਾਂ ਦੀ ਯਾਦ ਨੂੰ ਹੋਰ ਡੂੰਘਾ ਕਰਨ ਲਈ ਇਹ ਸਿਲਸਿਲਾ 21, 22 ਤੇ 23 ਦਸੰਬਰ ਨੂੰ ਵੀ ਜਾਰੀ ਰਹੇਗਾ। ਪਿੰਡ ਪਿੰਡ ਮੋਰਚੇ ਦੇ ਸਹੀਦਾਂ ਨੂੰ ਸਰਧਾਂਜਲੀਆਂ ਭੇਂਟ ਕਰਕੇ ਮਾਰਚ ਕਰਨ ਉਪਰੰਤ ਫਿਰ 24 ਦਸੰਬਰ ਨੂੰ ਬਲਾਕ ਪੱਧਰ ’ਤੇ ਸਰਧਾਂਜਲੀ ਸਮਾਗਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਦਿੱਲੀ ਮੋਰਚੇ ਦੀ ਤਕੜਾਈ ਲਈ ਆਗੂਆਂ ਦੀ ਇਕ ਛੋਟੀ ਪਰਤ ‘ਤੇ ਅਧਾਰਿਤ ਦਿੱਲੀ ਚੱਲੋ ਮੁਹਿੰਮ ਕਮੇਟੀ ਸੁਖਦੇਵ ਸਿੰਘ ਕੋਕਰੀ ਕਲਾਂ ਦੀ ਅਗਵਾਈ ਹੇਠ ਜਥੇਬੰਦ ਕੀਤੀ ਜਾ ਰਹੀ ਹੈ ਜੋ ਦਿੱਲੀ ਜਾਣ ਦੀ ਸਰਗਰਮੀ ਜਥੇਬੰਦ ਕਰਨ ਦੇ ਨਾਲ-ਨਾਲ ਪੰਜਾਬ ਅੰਦਰ ਚੱਲ ਰਹੇ ਮੋਰਚਿਆਂ ਨੂੰ ਹੋਰ ਤਕੜਾਈ ਦੇਣ ‘ਚ ਜੁਟੇਗੀ।

 


Aarti dhillon

Content Editor

Related News