ਨਸ਼ਿਆਂ ਨੇ ਮਾਰ ਮੁਕਾਏ ਪੰਜਾਬ 3 ਹੋਰ ਗੱਭਰੂ
Sunday, Aug 11, 2019 - 09:31 PM (IST)

ਫਾਜ਼ਿਲਕਾ (ਵੈਬ ਡੈਸਕ)— ਫਾਜ਼ਿਲਕਾ ਜ਼ਿਲੇ ਨਾਲ ਸੰਬੰਧਤ 3 ਪੰਜਾਬੀ ਗੱਭਰੂ ਨੌਜਵਾਨਾਂ ਦੀ ਅੱਜ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਸੰਬੰਧੀ ਪਿੰਡ ਨਵਾਂ ਹਸਤਾ ਦੇ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਜਸਪਾਲ ਸਿੰਘ ਨੇ ਦੱਸਿਆ ਕਿ ਪਿੰਡ ਦੇ 19 ਸਾਲਾ ਨੌਜਵਾਨ ਸੋਨਾ ਸਿੰਘ ਨੇ ਚਿੱਟੇ (ਸਿੰਥੈਟਿਕ ਡਰੱਗ) ਦਾ ਸ਼ਨੀਵਾਰ ਰਾਤ ਨੂੰ ਟੀਕਾ ਲਾਇਆ ਅਤੇ ਕੁਝ ਸਮੇਂ ਮਗਰੋਂ ਉਸ ਦੀ ਮੌਤ ਹੋ ਗਈ। ਇਕ ਹੋਰ ਮਾਮਲੇ ਵਿਚ ਪਿੰਡ ਨੂਰਸ਼ਾਹ ਦੇ ਵਸਨੀਕ 22 ਸਾਲਾ ਕੁਆਰੇ ਨੌਜਵਾਨ ਦਿਆਲ ਸਿੰਘ ਨੇ ਕੋਈ ਡਰੱਗ ਲਈ, ਜਿਸ ਦੇ ਕੁਝ ਸਮੇਂ ਮਗਰੋਂ ਉਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਅਤੇ ਜ਼ਿਲਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਡਾ. ਹਰਜੀਤ ਸਿੰਘ ਸ਼ਾਹਰੀ ਨੇ ਦੱਸਿਆ ਕਿ ਦਿਆਲ ਸਿੰਘ ਕਿਸਾਨ ਪਰਿਵਾਰ ਨਾਲ ਸਬੰਧਤ ਸੀ। ਕਲੱਬ ਪ੍ਰਧਾਨ ਜਸਪਾਲ ਸਿੰਘ ਨੇ ਪੁਲਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਪਿੰਡਾਂ 'ਚ ਵਿਕਣ ਵਾਲੇ ਨਸ਼ਿਆਂ 'ਤੇ ਕਾਬੂ ਪਾਇਆ ਜਾਵੇ।
ਇਸੇ ਤਰ੍ਹਾਂ ਮੱਲਾਂਵਾਲਾ 'ਚ ਵੀ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ, ਜਿਸ ਦੀ ਪਛਾਣ ਅਸ਼ੋਕ ਕੁਮਾਰ (22) ਪੁੱਤਰ ਗੁਲਸ਼ਨ ਕੁਮਾਰ ਕਟਾਰੀਆ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਪਿਛਲੇ ਕੁਝ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ। ਅੱਜ ਸਵੇਰ ਵੱਧ ਮਾਤਰਾ 'ਚ ਨਸ਼ਾ ਲੈਣ ਕਾਰਨ ਉਸ ਦੀ ਮੌਤ ਹੋ ਗਈ। ਲੋਕਾਂ ਵਲੋਂ ਮਿਲੀ ਸੂਚਨਾ ਦੇ ਆਧਾਰ 'ਤੇ ਪਹੁੰਚੀ ਥਾਣਾ ਮੱਲਾਂਵਾਲਾ ਦੀ ਪੁਲਸ ਨੇ ਉਸ ਦੀ ਲਾਸ਼ ਨੂੰ ਅਪਣੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।