ਚਲਦੀ ਮਾਲ ਗੱਡੀ ’ਚੋਂ ਅਨਾਜ ਚੋਰੀ ਕਰਨ ਵਾਲੇ 3 ਕਾਬੂ, 1 ਫ਼ਰਾਰ
Thursday, Sep 20, 2018 - 01:19 AM (IST)

ਧੂਰੀ, (ਜੈਨ)- ਰੇਲਵੇ ਪੁਲਸ ਫੋਰਸ ਦੇ ਕਰਮਚਾਰੀਆਂ ਨੇ ਚਲਦੀ ਮਾਲ ਗੱਡੀ ’ਚੋਂ ਚਾਵਲ ਦੇ ਗੱਟੇ ਚੋਰੀ ਕਰਦੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਚੋਰੀ ਕੀਤੇ ਗਏ 4 ਚਾਵਲ ਦੇ ਗੱਟੇ ਵੀ ਬਰਾਮਦ ਕੀਤੇ ਗਏ ਹਨ ਹੈ। ਜਦ ਕਿ ਇਕ ਦੋਸ਼ੀ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਆਰ. ਪੀ. ਐੱਫ. ਦੇ ਇੰਚਾਰਜ ਸੁਮਨ ਕੁਮਾਰ ਠਾਕੁਰ ਨੇ ਦੱਸਿਆ ਕਿ ਲੰਘੀ 16 ਸਤੰਬਰ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਥਾਨਕ ਦੋਹਲੇ ਵਾਲੇ ਰੇਲਵੇ ਫਾਟਕਾਂ ਦੇ ਨਜ਼ਦੀਕ ਰੇਲਵੇ ਲਾਈਨ ਦੇ ਆਲੇ-ਦੁਆਲੇ ਚਾਵਲ ਦੇ ਗੱਟੇ ਪਏ ਹਨ। ਉਕਤ ਸੂਚਨਾ ਮਿਲਣ ’ਤੇ ਆਰ. ਪੀ. ਐੱਫ. ਦੇ ਜਵਾਨਾਂ ਨੇ ਨਾਕਾਬੰਦੀ ਕਰ ਕੇ ਮਾਲ ਗੱਡੀ ’ਚੋ ਸੁੱਟੇ ਗਏ ਚਾਵਲ ਦੇ ਗੱਟੇ ਚੁੱਕਣ ਆਏ ਰਾਮ ਕੁਮਾਰ ਉਰਫ਼ ਰਾਮਾ ਅਤੇ ਲੱਕੀ ਵਾਸੀ ਧੂਰੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫਡ਼ੇ ਗਏ ਦੋਸ਼ੀਆਂ ਤੋਂ ਕੀਤੀ ਗਈ ਪੁੱਛ-ਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਪੰਕਜ ਅਤੇ ਮਨੀ ਵਾਸੀ ਧੂਰੀ ਵੀ ਚੋਰੀ ਦੀ ਇਸ ਵਾਰਦਾਤ ਦੌਰਾਨ ਉਨ੍ਹਾਂ ਦੇ ਨਾਲ ਸਨ। ਪੁਲਸ ਵੱਲੋਂ ਪੰਕਜ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦ ਕਿ ਮਨੀ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫਡ਼ੇ ਗਏ ਦੋਸ਼ੀਆਂ ਤੋਂ ਚਲਦੀ ਮਾਲ ਗੱਡੀ ’ਚੋਂ ਚੋਰੀ ਕੀਤੇ ਗਏ ਚਾਵਲ ਦੇ 4 ਗੱਟੇ ਵੀ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਖ਼ਿਲਾਫ਼ ਰੇਲਵੇ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮੌਕੇ ਐੱਸ. ਆਈ. ਨੀਰਜ ਕੁਮਾਰ ਅਤੇ ਐੱਸ. ਆਈ. ਭਰਪੂਰ ਸਿੰਘ ਵੀ ਮੌਜੂਦ ਸਨ।