2760 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕੈਂਟਰ ਡਰਾਈਵਰ ਕਾਬੂ, ਮਾਲਕ ਫਰਾਰ

10/18/2018 12:52:27 PM

ਸੰਗਤ ਮੰਡੀ(ਮਨਜੀਤ)— ਥਾਣਾ ਸੰਗਤ ਦੀ ਪੁਲਸ ਨੇ ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪੈਂਦੇ ਪਿੰਡ ਮਛਾਣਾ ਨਜ਼ਦੀਕ ਲਸਾੜਾ ਡਰੇਨ ਦੇ ਪੁਲ 'ਤੇ ਨਾਕਾਬੰਦੀ ਦੌਰਾਨ ਹਰਿਆਣਾ ਵਾਲੇ ਪਾਸਿਓਂ ਇਕ ਕੈਂਟਰ ਨੂੰ ਕਾਬੂ ਕਰਕੇ ਉਸ 'ਚੋਂ ਹਰਿਆਣਾ ਮਾਰਕਾ ਦੇਸ਼ੀ ਸ਼ਰਾਬ ਦੀਆਂ 2760 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲਸ ਵਲੋਂ ਕੈਂਟਰ ਸਵਾਰ ਡਰਾਈਵਰ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ ਜਦਕਿ ਉਸ ਦਾ ਮਾਲਕ ਫਰਾਰ ਹੋਣ 'ਚ ਸਫਲ ਹੋ ਗਿਆ।

ਨਵ-ਨਿਯੁਕਤ ਥਾਣਾ ਮੁਖੀ ਪਰਮਜੀਤ ਸਿੰਘ ਡੋਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿਉਹਾਰਾਂ ਦੇ ਸ਼ੀਜਨ ਦੇ  ਕਾਰਨ ਸਹਾਇਕ ਥਾਣੇਦਾਰ ਮੱਘਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੁੱਖ ਮਾਰਗ 'ਤੇ ਪੈਂਦੇ ਪਿੰਡ ਮਛਾਣਾ ਨਜ਼ਦੀਕ ਲਸਾੜਾ ਡਰੇਨ ਦੇ ਪੁਲ 'ਤੇ ਨਾਕਾਬੰਦੀ ਕਰਕੇ ਹਰਿਆਣਾ ਵਾਲੇ ਪਾਸਿਓਂ ਆਉਦੇ ਵਾਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ। ਜਦ ਡੱਬਵਾਲੀ ਵਾਲੇ ਪਾਸਿਓਂ ਸ਼ੱਕੀ ਹਲਾਤਾਂ 'ਚ ਆਈਸਰ ਕੈਂਟਰ ਆ ਰਿਹਾ ਸੀ। ਕੈਂਟਰ ਸਵਾਰ ਵਿਅਕਤੀਆਂ ਵਲੋਂ ਜਦ ਸਾਹਮਣੇ ਪੁਲਸ ਨਾਕਾਬੰਦੀ ਵੇਖੀ ਤਾਂ ਉਹ ਕੈਂਟਰ ਦੂਰ ਹੀ ਖੜ੍ਹਾ ਕੇ ਫਰਾਰ ਹੋਣ ਲੱਗੇ, ਨਾਕੇ 'ਤੇ ਮੁਸ਼ਤੈਦ ਖੜ੍ਹੀ ਪੁਲਸ ਪਾਰਟੀ ਵਲੋਂ ਕੈਂਟਰ ਦੇ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਜਦਕਿ ਉਸ ਦਾ ਮਾਲਕ ਫਰਾਰ ਹੋਣ 'ਚ ਸਫਲ ਹੋ ਗਿਆ। ਪੁਲਸ ਵਲੋਂ ਜਦ ਕੈਂਟਰ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ ਹਰਿਆਣਾ ਮਾਰਕਾ ਫਸਟ ਚੋਆਇਸ ਕੰਪਨੀ ਦੀ ਦੇਸ਼ੀ ਸ਼ਰਾਬ ਦੀਆਂ 2760 ਬੋਤਲਾਂ ਬਰਾਮਦ ਹੋਈਆਂ। ਫੜ੍ਹੇ ਗਏ ਕੈਂਟਰ ਸਵਾਰ ਡਰਾਈਵਰ ਦੀ ਪਛਾਣ ਜਗਸੀਰ ਸਿੰਘ ਉਰਫ ਸੀਰਾ ਵਾਸੀ ਅਬੋਹਰ ਅਤੇ ਫਰਾਰ ਹੋਣ ਵਾਲਾ ਸ਼ਰਾਬ ਦਾ ਮਾਲਕ ਸ਼ੁਭਾਸ ਵਾਸੀ ਅਬੋਹਰ ਦੇ ਤੌਰ 'ਤੇ ਕੀਤੀ ਗਈ।

ਸਹਾਇਕ ਥਾਣੇਦਾਰ ਮੱਘਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਵਲੋਂ ਇਹ ਸ਼ਰਾਬ ਫਤਿਹਾਬਾਦ ਤੋਂ ਅਬੋਹਰ ਲਿਜਾਈ ਜਾ ਰਹੀ ਸੀ, ਜੋ ਉਕਤ ਸਥਾਨ 'ਤੇ ਫੜ੍ਹੀ ਗਈ। ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਰਾਬ ਦੀ ਪਹਿਲੀ ਖ਼ੇਪ ਹੀ ਸੀ ਜੋ ਪੰਜਾਬ ਲਿਜਾਈ ਜਾ ਰਹੀ ਸੀ। ਪੁਲਸ ਵਲੋਂ ਸ਼ਰਾਬ 'ਤੇ ਕੈਂਟਰ ਨੂੰ ਕਬਜ਼ੇ 'ਚ ਲੈ ਕੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਫੜ੍ਹੇ ਵਿਅਕਤੀ ਨੂੰ ਹਵਾਲਾਤ 'ਚ ਬੰਦ ਕਰਕੇ ਫਰਾਰ ਵਿਅਕਤੀ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ।


Related News